ਚੇਨੱਈ, 28 ਜੁਲਾਈ
ਇੱਥੇ ਅੱਜ 44ਵੇਂ ਸ਼ਤਰੰਜ ਓਲੰਪਿਆਡ ਦੇ ਉਦਘਾਟਨੀ ਸਮਾਰੋਹ ਦੌਰਾਨ ਇੱਥੋਂ ਦਾ ਨਹਿਰੂ ਇਨਡੋਰ ਸਟੇਡੀਅਮ ਪੂਰੀ ਤਰ੍ਹਾਂ ਰੁਸ਼ਨਾ ਰਿਹਾ ਸੀ ਅਤੇ ਇੱਥੇ ਇਸ ਖੇਡ ਨੂੰ ਲੈ ਕੇ ਜੋਸ਼ ਤੇ ਜਨੂੰਨ ਮਹਿਸੂਸ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਆਡ ਦੇ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ”ਖੇਡਾਂ ‘ਚ ਕੋਈ ਨਹੀਂ ਹਾਰਦਾ, ਸਿਰਫ਼ ਜੇਤੂ ਹੁੰਦੇ ਹਨ ਅਤੇ ਭਵਿੱਖ ਦੇ ਜੇਤੂ ਹੁੰਦੇ ਹਨ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕੀ ਮਾਰਗ ਰਾਹੀਂ ਜਦੋਂ ਨਹਿਰੂ ਸਟੇਡੀਅਮ ਵੱਲ ਵਧ ਰਹੇ ਸਨ ਤਾਂ ਰਸਤੇ ਵਿੱਚ ਸੰਗੀਤਕਾਰਾਂ ਤੇ ਤਾਲ ਵਾਦਕਾਂ ਦੀਆਂ ਪੇਸ਼ਕਾਰੀਆਂ ਨਾਲ ਉਨ੍ਹਾਂ ਦਾ ਨਿੱਘਾ ਸਾਵਗਤ ਕੀਤਾ ਗਿਆ। ਮੋਦੀ ਨੇ ਸ਼ਤਰੰਜ ਬੋਰਡ ਦੇ ਡਿਜ਼ਾਈਨ ਦੇ ਬਾਰਡਰ ਵਾਲੀ ਸ਼ਾਲ ਤੇ ਧੋਤੀ ਪਹਿਨੀ ਹੋਈ ਸੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਇਸ ਮੌਕੇ ਪੀਲੀ ਰੇਸ਼ਮੀ ਕਮੀਜ਼, ਧੋਤੀ ਪਹਿਨੀ ਹੋਈ ਸੀ ਤੇ ਸ਼ਾਲ ਲਈ ਹੋਈ ਸੀ। ਸਮਰਥਕਾਂ ਨੇ ਮੋਦੀ ਦੀ ਕਾਰ ‘ਤੇ ਫੁੱਲ ਵਰ੍ਹਾਏ। ਸਮਾਰੋਹ ਵਿੱਚ ਰੇਤ ਕਲਾਕਾਰ ਸਰਵਮ ਪਟੇਲ ਨੇ ਪ੍ਰਾਚੀਨ ਮਾਮੱਲਾਪੁਰਮ ਬੰਦਰਗਾਹ ਮੰਦਿਰ, ਸ਼ਤਰੰਜ ਦੇ ਖੇਡ ਅਤੇ ਮੇਜ਼ਬਾਨ ਦੇਸ਼ ਭਾਰਤ ਨਾਲ ਸਬੰਧਤ ਕਲਾਕ੍ਰਿਤੀ ਬਣਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਓਲੰਪਿਆਡ ਵਿੱਚ ਵੱਖ-ਵੱਖ ਦੇਸ਼ਾਂ ਦੇ ਓਪਨ ਵਰਗ ‘ਚ 188 ਅਤੇ ਮਹਿਲਾ ਵਰਗ ਵਿੱਚ 162 ਖਿਡਾਰੀ ਭਾਗ ਲੈਣਗੇ। -ਪੀਟੀਆਈ
‘ਸਿਆਸੀਕਰਨ’ ਲਈ ਪਾਕਿਸਤਾਨ ਦੀ ਆਲੋਚਨਾ
ਨਵੀਂ ਦਿੱਲੀ: ਸ਼ਤਰੰਜ ਓਲੰਪਿਆਡ ‘ਚੋਂ ਹਟਣ ਦੇ ਪਾਕਿਸਤਾਨ ਦੇ ਫ਼ੈਸਲੇ ਦੀ ਭਾਰਤ ਨੇ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਾਫੀ ਮੰਦਭਾਗੀ ਗੱਲ ਹੈ ਕਿ ਇਸਲਾਮਾਬਾਦ ਨੇ ਇਸ ਵੱਕਾਰੀ ਕੌਮਾਂਤਰੀ ਓਲੰਪਿਆਡ ਦਾ ਸਿਆਸੀਕਰਨ ਕੀਤਾ ਤੇ ਅਚਾਨਕ ਹਿੱਸਾ ਲੈਣ ਦਾ ਫ਼ੈਸਲਾ ਵਾਪਸ ਲੈ ਲਿਆ ਜਦੋਂਕਿ ਉਸ ਦੀ ਟੀਮ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ। ਪਾਕਿਸਤਾਨ ਦੇ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਖੇਡਾਂ ਤੇ ਸਿਆਸਤ ਨੂੰ ਮਿਕਸ ਕੀਤਾ ਜਾ ਰਿਹਾ ਹੈ। -ਪੀਟੀਆਈ