ਅਹਿਮਦਾਬਾਦ, 28 ਜੁਲਾਈ
ਗੁਜਰਾਤ ਦੇ ਗ੍ਰਹਿ ਵਿਭਾਗ ਨੇ ਅੱਜ ਬੋਟਾਦ ਅਤੇ ਅਹਿਮਦਾਬਾਦ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਦਾ ਤਬਾਦਲਾ ਅਤੇ ਛੇ ਹੋਰ ਪੁਲੀਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਜ਼ਹਿਰੀਲੀ ਸ਼ਰਾਬ ਪੀਣ ਕਾਰਨ 42 ਜਣਿਆਂ ਦੀ ਮੌਤ ਹੋਣ ਮਗਰੋਂ ਕੀਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਤੋਂ ਪਤਾ ਲੱਗਿਆ ਹੈ ਕਿ ਪੀੜਤਾਂ ਨੇ ਮਿਥਾਈਲ ਅਲਕੋਹਲ ਪੀ ਲਈ ਸੀ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜ ਕੁਮਾਰ ਨੇ ਕਿਹਾ, ”ਅਸੀਂ ਬੋਟਾਦ ਦੇ ਐੱਸਪੀ ਕਰਨਰਾਜ ਵਾਘੇਲਾ ਅਤੇ ਅਹਿਮਦਾਬਾਦ ਦੇ ਐੱਸਪੀ ਵਿਰੇਂਦਰ ਸਿੰਘ ਯਾਦਵ ਦਾ ਤਬਾਦਲਾ ਕਰ ਦਿੱਤਾ ਹੈ। ਦੋ ਡਿਪਟੀ ਐੱਸਪੀ’ਜ਼ ਸਮੇਤ ਛੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।” ਬਰਖਾਸਤ ਕੀਤੇ ਗਏ ਪੁਲੀਸ ਅਧਿਕਾਰੀਆਂ ਵਿੱਚ ਅਹਿਮਦਾਬਾਦ ਦੇ ਢੋਲਕਾ ਡਿਵੀਜ਼ਨ ਦੇ ਡਿਪਟੀ ਐੱਸਪੀ ਐੱਨਵੀ ਪਟੇਲ, ਬੋਹਾਦ ਦੇ ਡਿਪਟੀ ਐੱਸਪੀ ਐੱਸਕੇ ਤ੍ਰਿਵੇਦੀ, ਅਹਿਮਦਾਬਾਦ ਦੇ ਧਾਂਦੁਕਾ ਪੁਲੀਸ ਥਾਣੇ ਦੇ ਮੁਖੀ ਕੇਪੀ ਜਡੇਜਾ, ਧਾਂਦੁਕਾ ਡਿਵੀਜ਼ਨ ਦੇ ਸਰਕਲ ਪੁਲੀਸ ਇੰਸਪੈਕਟਰ ਐੱਸਬੀ ਚੌਧਰੀ ਅਤੇ ਬੋਟਾਦ ਦੇ ਸਬ-ਇੰਸਪੈਕਟਰ ਬੀਜੀ ਵਾਲਾ ਅਤੇ ਸ਼ਿਲੇਂਦਰ ਸਿੰਘ ਰਾਣਾ ਸ਼ਾਮਲ ਹਨ।
ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੁਅੱਤਲੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਪੁਲੀਸ ਕਰਮੀਆਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਇਹ ਆਪਣੇ-ਆਪਣੇ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਦੇ ਵਿਕਰੀ ਨੂੰ ਰੋਕਣ ਵਿੱਚ ਨਾਕਾਮ ਰਹੇ ਹਨ। -ਪੀਟੀਆਈ