ਹਿੰਮਤਨਗਰ (ਗੁਜਰਾਤ), 28 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੈਟਰੋਲ ‘ਚ ਈਥਾਨੌਲ ਦਾ ਮਿਸ਼ਰਣ 2014 ਤੋਂ ਪਹਿਲਾਂ 40 ਕਰੋੜ ਲਿਟਰ ਸੀ ਜੋ ਹੁਣ ਵਧ ਕੇ 400 ਕਰੋੜ ਲਿਟਰ ਹੋ ਗਿਆ ਹੈ। ਉੱਤਰੀ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਸ਼ਹਿਰ ਹਿੰਮਤਨਗਰ ਨੇੜੇ ਸਾਬਰ ਡੇਅਰੀ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੈਟਰੋਲ ‘ਚ ਈਥਾਨੌਲ ਦੇ ਮਿਸ਼ਰਣ ਨਾਲ ਕਿਸਾਨਾਂ ਦੀ ਆਮਦਨ ਵੀ ਵਧ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ‘ਚ ਕਿਸਾਨਾਂ ਦੀ ਸਾਲਾਨਾ ਆਮਦਨ ਵਧਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਹੁਣ ਨਤੀਜੇ ਦਿਖ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਸ਼ਹਿਦ ਦੇ ਉਤਪਦਾਨ ਜਿਹੇ ਸਬੰਧਤ ਕਾਰੋਬਾਰਾਂ ਨਾਲ ਵੀ ਕਿਸਾਨਾਂ ਦੀ ਆਮਦਨ ਵਧੀ ਹੈ। ‘ਪਹਿਲੀ ਵਾਰ ਹੈ ਕਿ ਖਾਦੀ ਅਤੇ ਗ੍ਰਾਮ ਉਦਯੋਗਾਂ ਦੀ ਟਰਨਓਵਰ ਇਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।’ ਉਨ੍ਹਾਂ ਕਿਹਾ ਕਿ ਖਾਦੀ ਅਤੇ ਗ੍ਰਾਮ ਉਦਯੋਗ ਸੈਕਟਰ ਨੇ ਪਿਛਲੇ ਅੱਠ ਸਾਲਾਂ ‘ਚ ਪਿੰਡਾਂ ‘ਚ ਡੇਢ ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਕੇਂਦਰ ਵੱਲੋਂ ਖੇਤੀ ਲਾਗਤ ਘਟਾਉਣ ਅਤੇ ਖਾਦਾਂ ਦੀ ਕੀਮਤ ਨਾ ਵਧਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ, ”ਅਸੀਂ ਯੂਰੀਆ ਹੋਰ ਮੁਲਕਾਂ ਤੋਂ ਮੰਗਵਾਉਂਦੇ ਹਾਂ। ਆਲਮੀ ਪੱਧਰ ‘ਤੇ ਕੀਮਤਾਂ ਕਈ ਗੁਣਾ ਕੀਮਤਾਂ ਵਧ ਗਈਆਂ ਹਨ ਪਰ ਅਸੀਂ ਇਸ ਦਾ ਬੋਝ ਕਿਸਾਨਾਂ ‘ਤੇ ਨਹੀਂ ਪਾਇਆ। ਸਰਕਾਰ ਯੂਰੀਆ ਦੇ 50 ਕਿਲੋ ਦੇ ਬੈਗ ਲਈ 3500 ਰੁਪਏ ਅਦਾ ਕਰਦੀ ਹੈ ਪਰ ਕਿਸਾਨਾਂ ਨੂੰ ਸਿਰਫ਼ 300 ਰੁਪਏ ‘ਚ ਵੇਚਿਆ ਜਾਂਦਾ ਹੈ।” -ਪੀਟੀਆਈ