ਨਵੀਂ ਦਿੱਲੀ, 1 ਅਗਸਤ
ਕੇਂਦਰ ਨੇ ਮੰਕੀਪੌਕਸ ਮਾਮਲਿਆਂ ‘ਤੇ ਨਜ਼ਰ ਰੱਖਣ ਅਤੇ ਲਾਗ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਸਬੰਧ ਵਿੱਚ ਫੈਸਲਾ ਲੈਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਅਧਿਕਾਰਤ ਸੂਤਰਾਂ ਅਨੁਸਾਰ ਟਾਸਕ ਫੋਰਸ ਮੁਲਕ ਵਿੱਚ ਇਸ ਲਾਗ ਦਾ ਪਤਾ ਲਗਾਉਣ ਲਈ ਜਾਂਚ ਕੇਂਦਰ ਦੇ ਵਿਸਥਾਰ ਸਬੰਧੀ ਸਰਕਾਰ ਦਾ ਮਾਰਗਦਰਸ਼ਨ ਕਰੇਗੀ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਟਾਕੀਕਰਨ ਦੇ ਚੱਲਦੇ ਰੁਝਾਨ ‘ਤੇ ਨਜ਼ਰ ਰਖੇਗੀ। ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਪਰਤੇ 22 ਸਾਲਾ ਇਕ ਵਿਅਕਤੀ ਦੀ ਕਥਿਤ ਤੌਰ ‘ਤੇ ਮੰਕੀਪੌਕਸ ਨਾਲ ਸ਼ਨਿਚਰਵਾਰ ਨੂੰ ਮੌਤ ਹੋ ਗਈ ਸੀ। ਭਾਰਤ ਵਿੱਚ ਹੁਣ ਤਕ ਇਸ ਲਾਗ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪੌਲ ਟਾਸਕ ਫੋਰਸ ਦੀ ਅਗਵਾਈ ਕਰਨਗੇ। ਡਬਲਿਊ ਐਚਓ ਨੇ ਹਾਲ ਹੀ ਵਿੱਚ ਮੰਕੀਪੌਕਸ ਨੂੰ ਆਲਮੀ ਜਨਤਕ ਸਿਹਤ ਐਮਰਜੰਸੀ ਐਲਾਨਿਆ ਹੈ। ਵਿਸ਼ਵ ਪੱਧਰ ‘ਤੇ 75 ਮੁਲਕਾਂ ਵਿੱਚ ਮੰਕੀਪੌਕਸ ਦੇ 16 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ ਹਨ।-ਏਜੰਸੀ