ਜੈਸਮੀਨ ਭਾਰਦਵਾਜ
ਨਾਭਾ, 1 ਅਗਸਤ
ਕਿਸਾਨ ਅੰਦੋਲਨ ਸਮੇਂ ਰਿਲਾਇੰਸ ਦੇ ਵਿਰੋਧ ਦੇ ਚਲਦੇ ਇਸ ਕੰਪਨੀ ਨਾਲ ਜੁੜੇ ਪੈਟਰੋਲ ਪੰਪਾਂ ਨੂੰ ਕਈ ਮਹੀਨੇ ਕੰਮ ਬੰਦ ਰੱਖਣਾ ਪਿਆ ਸੀ ਤੇ ਹੁਣ ਰਿਲਾਇੰਸ ਵੱਲੋਂ ਤੇਲ ਕੀਮਤਾਂ ਵਧਾਉਣ ਕਾਰਨ ਇਨ੍ਹਾਂ ਪੰਪਾਂ ‘ਤੇ ਮੁੜ ਕੰਮ-ਕਾਜ ਠੱਪ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਦੇ ਪੰਪ ਉੱਪਰ ਸਰਕਾਰੀ ਕੰਪਨੀਆਂ ਨਾਲੋਂ ਡੀਜਲ ਪੰਜ ਰੁਪਏ ਤੇ ਪੈਟਰੋਲ ਸੱਤ ਰੁਪਏ ਮਹਿੰਗਾ ਵੇਚਿਆ ਜਾ ਰਿਹਾ ਹੈ। ਨਾਭਾ ਦੇ ਰਿਲਾਇੰਸ ਪੰਪ ਦੇ ਮਾਲਕ ਸੰਦੀਪ ਬੰਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੰਪ ‘ਤੇ ਵਿਕਰੀ 8 ਫ਼ੀਸਦ ਦੇ ਕਰੀਬ ਰਹਿ ਗਈ ਹੈ। ਇਸੇ ਤਰ੍ਹਾਂ ਰਾਜਪੁਰਾ ਰਿਲਾਇੰਸ ਪੰਪ ਤੋਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਥੇ ਵਿਕਰੀ ਦਸ ਫ਼ੀਸਦ ਤੋਂ ਘੱਟ ਹੈ। ਪੰਪ ਮਾਲਕਾਂ ਨੂੰ ਦੱਸਿਆ ਗਿਆ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਮੁਤਾਬਕ ਕੰਪਨੀ ਨੂੰ ਵੱਡਾ ਘਾਟਾ ਪੈ ਰਿਹਾ ਹੈ, ਜਿਸਦੇ ਚਲਦੇ ਕੰਪਨੀ ਅਜੇ ਇਸ ਵਧਾਏ ਹੋਏ ਮੁੱਲ ‘ਤੇ ਵੀ ਤੇਲ ਵੇਚਣ ਦੀ ਬਹੁਤੀ ਇੱਛੁਕ ਨਹੀਂ। ਸੰਦੀਪ ਬੰਸਲ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਤੋਂ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ। ਲਾਇਸੰਸ ਦੀਆਂ ਸ਼ਰਤਾਂ ਕਾਰਨ ਪੰਪ ਸੁੱਕਾ ਜਾਂ ਬੰਦ ਨਹੀਂ ਰੱਖਿਆ ਜਾ ਸਕਦਾ। ਅਜਿਹਾ ਕਰਨ ‘ਤੇ ਪੰਪ ਦਾ ਲਾਇਸੰਸ ਰੱਦ ਹੋ ਸਕਦਾ ਹੈ। ਰਿਲਾਇੰਸ ਤੇਲ ਕੰਪਨੀ ਦੇ ਪਟਿਆਲਾ ਏਐਸਐਮ ਆਦੇਸ਼ ਸਿੰਘ ਨੇ ਕੰਪਨੀ ਪਾਲਿਸੀ ਬਾਰੇ ਗੱਲ ਕਰਨ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਇਹ ਮੁੱਲ ਦੇਸ਼ ਭਰ ‘ਚ ਵਧਾਏ ਗਏ ਹਨ ਤੇ ਕੁਝ ਹੋਰ ਨਿੱਜੀ ਕੰਪਨੀਆਂ ਵੱਲੋਂ ਵੀ ਮੁੱਲ ‘ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਇਸ ਔਖੇ ਸਮੇਂ ਪੰਪ ਨੂੰ ਚਾਲੂ ਰੱਖਣ ਦੇ ਖਰਚੇ ਪੰਪ ਮਾਲਕਾਂ ਨੂੰ ਦੇ ਰਹੀ ਹੈ। ਦੂਜੇ ਪਾਸੇ ਪੰਪ ਮਾਲਕ ਆਮਦਨ ਬੰਦ ਹੋਣ ‘ਤੇ ਚਿੰਤਤ ਹਨ।