ਮੁੰਬਈ, 1 ਅਗਸਤ
ਈਡੀ ਦੇ ਅਧਿਕਾਰੀ ਸੋਮਵਾਰ ਨੂੰ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਗਏ, ਜਿਸ ਮਗਰੋਂ ਉਨ੍ਹਾਂ ਨੂੰ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਦੱਖਣ ਮੁੰਬਈ ਵਿੱਚ ਈਡੀ ਦਫ਼ਤਰ ਵਿੱਚ ਰਾਤ ਗੁਜ਼ਾਰਨ ਵਾਲੇ ਰਾਊਤ(60)ਨੂੰ ਦੁਪਹਿਰ 12 ਵਜੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਉਹ ਏਜੰਸੀ ਦੇ ਦਫ਼ਤਰ ਬਾਹਰ ਜਮ੍ਹਾਂ ਮੀਡੀਆ ਕਰਮੀਆਂ ਵੱਲ ਹੱਥ ਹਿਲਾਉਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਈਡੀ ਨੇ ਮੁੰਬਈ ਦੀ ਇਕ ਚਾਲ ਨੂੰ ਮੁੜਉਸਾਰਨ ਵਿੱਚ ਕਥਿਤ ਬੇਨੇਮੀਆਂ ਨਾਲ ਜੁੜੇ ਕਾਲੇ ਧਨ ਨੂੰ ਸਫੇੈਦ ਕਰਨ ਦੇ ਮਾਮਲੇ ਵਿੱਚ ਸ਼ਿਵਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੂੰ ਐਤਵਾਰ ਨੂੰ ਹਿਰਾਸਤ ਵਿੱਚ ਲਿਆ ਸੀ।। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਈਡੀ ਨੇ ਰਾਊਤ ਦੇ ਘਰ ‘ਤੇ ਕਰੀਬ ਨੌਂ ਘੰਟੇ ਤਕ ਤਲਾਸ਼ੀ ਲਈ। ਇਸ ਦੌਰਾਨ 11.5 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਰਾਊਤ ਨੂੰ ਦੱਖਣੀ ਮੁੰਬਈ ਦੇ ਬੇਲਾਰਡ ਅਸਟੇਟ ਵਿਚਲੇ ਈਡੀ ਦੇ ਖੇਤਰੀ ਦਫ਼ਤਰ ਵਿੱਚ ਲਿਜਾਇਆ ਗਿਆ ਜਿਥੇ ਉਨ੍ਹਾਂ ਤੋਂ ਛੇ ਘੰਟੇ ਪੁੱਛਗਿਛ ਕੀਤੀ ਗਈ ਤੇ ਦੇਰ ਰਾਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। -ਏਜੰਸੀ