ਲਾਹੌਰ, 1 ਅਗਸਤ
ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਇੱਕ ਵਿਅਕਤੀ ਨੇ ਪਤਨੀ ਨੂੰ ਬਲੈਕਮੇਲ ਕਰਨ ਅਤੇ ਨਾਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕਰਨ ਦੇ ਦੋਸ਼ ‘ਚ ਇੱਕ ਪੁਲੀਸ ਮੁਲਾਜ਼ਮ ਦੇ ਨੱਕ, ਕੰਨ ਅਤੇ ਬੁੱਲ੍ਹ ਵੱਢ ਦਿੱਤੇ। ਅੱਜ ਇਹ ਜਾਣਕਾਰੀ ਪੰਜਾਬ ਪੁਲੀਸ ਨੇ ਦਿੱਤੀ।
ਪੁਲੀਸ ਨੇ ਦੱਸਿਆ ਕਿ ਇੱਥੋਂ ਲਗਪਗ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਵਿੱਚ ਐਤਵਾਰ ਨੂੰ ਮੁੱਖ ਮੁਲਜ਼ਮ ਮੁਹੰਮਦ ਇਫ਼ਤਿਖਾਰ ਤੇ ਉਸ ਦੇ ਸਾਥੀਆਂ ਨੇ ਕਾਂਸਟੇਬਲ ਕਾਸਿਮ ਹਯਾਤ ਨੂੰ ਪਹਿਲਾਂ ਤਸੀਹੇ ਦਿੱਤੇ ਅਤੇ ਫਿਰ ਉਸ ਦਾ ਨੱਕ, ਕੰਨ ਅਤੇ ਬੁੱਲ੍ਹ ਵੱਢ ਦਿੱਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਫ਼ਤਿਖਾਰ ਨੂੰ ਸ਼ੱਕ ਸੀ ਕਿ ਹਯਾਤ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਆਪਣੇ 12 ਸਾਥੀਆਂ ਨਾਲ ਮਿਲ ਕੇ ਹਯਾਤ ਨੂੰ ਅਗਵਾ ਕਰ ਲਿਆ ਅਤੇ ਸੁੰਨਸਾਨ ਥਾਂ ‘ਤੇ ਲਿਜਾ ਕੇ ਉਸ ਨੂੰ ਤਸੀਹੇ ਦੇਣ ਮਗਰੋਂ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਰੀਰ ਦੇ ਅੰਗ ਕੱਟ ਦਿੱਤੇ। ਉਨ੍ਹਾਂ ਦੱਸਿਆ ਕਿ ਹਯਾਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਿਛਲੇ ਮਹੀਨੇ ਇਫ਼ਤਿਖਾਰ ਨੇ ਹਯਾਤ ਖ਼ਿਲਾਫ਼ ਔਰਤ ‘ਤੇ ਹਮਲਾ, ਜਬਰੀ ਵਸੂਲੀ ਅਤੇ ਅਸ਼ਲੀਲਤਾ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਸੀ। ਇਫ਼ਤਿਖਾਰ ਨੇ ਦਾਅਵਾ ਕੀਤਾ ਸੀ ਕਿ ਹਯਾਤ ਨੇ ਉਸ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਦੀ ਪਤਨੀ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ। ਪੁਲੀਸ ਨੇ ਦੱਸਿਆ ਕਿ ਇਫ਼ਤਿਖਾਰ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ