ਬਰਮਿੰਘਮ, 4 ਅਗਸਤ
ਭਾਰਤ ਦੀ ਸਟਾਰ ਸਪ੍ਰਿੰਟਰ ਹਿਮਾ ਦਾਸ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ‘ਚ ਆਪਣੀ ਹੀਟ ਵਿੱਚ 23.42 ਸਕਿੰਟ ਦਾ ਸਮਾਂ ਕੱਢ ਕੇ ਪਹਿਲੇ ਸਥਾਨ ‘ਤੇ ਰਹੀ ਜਿਸ ਨਾਲ ਉਸ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਹਿਮਾ ਦਾਸ ਪੰਜ ਮਹਿਲਾ ਦੌੜਾਕਾਂ ਦੀ ਹੀਟ-2 ਦੀ ਸ਼ੁਰੂਆਤ ਤੋਂ ਹੀ ਸਭ ਤੋਂ ਅੱਗੇ ਰਹੀ ਜਿਨ੍ਹਾਂ ‘ਚੋਂ ਜਾਂਬੀਆ ਦੀ ਰੋਡਾ ਨਜੋਬਵੂ 23.85 ਸਕਿੰਟ ਨਾਲ ਦੂਜੇ ਸਥਾਨ ‘ਤੇ ਰਹੀ ਜਦਕਿ ਯੁਗਾਂਡਾ ਦੀ ਜਾਸੈਂਟ ਨਯਾਮਹੁੰਗੇ 24.07 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੀ। 200 ਮੀਟਰ ਦੌੜ ‘ਚ ਛੇ ਹੀਟ ‘ਚੋਂ ਸਿਖਰਲੇ 16 ਦੌੜਾਕ ਕੁਆਲੀਫਾਈ ਕਰਨਗੇ। ਹਿਮਾ ਨੇ ਹੀਟ-2 ਜਿੱਤੀ ਪਰ ਹੀਟ-1 ਵਿੱਚ ਨਾਇਜੀਰੀਆ ਦੀ ਫੇਵਰ ਓਫਿਲੀ (22.71 ਸਕਿੰਟ) ਤੇ ਹੀਟ-5 ‘ਚ ਇਲੈਨ ਥੌਂਪਸਨ ਹੇਰਾ (22.80 ਸਕਿੰਟ) ਨੇ ਉਸ ਤੋਂ ਕਾਫੀ ਬਿਹਤਰ ਸਮਾਂ ਕੱਢਿਆ। ਸੈਮੀਫਾਈਨਲ ‘ਚ ਪਹੁੰਚਣ ਵਾਲੀਆਂ ਘੱਟ ਤੋਂ ਘੱਟ ਛੇ ਖਿਡਾਰਨਾਂ ਨੇ ਹਿਮਾ ਮੁਕਾਬਲੇ ਬਿਹਤਰ ਸਮਾਂ ਕੱਢਿਆ। -ਪੀਟੀਆਈ
ਮੰਜੂ ਬਾਲਾ ਹੈਮਰ ਥਰੋਅ ਦੇ ਫਾਈਨਲ ਵਿੱਚ
ਮਹਿਲਾਵਾਂ ਦੇ ਹੈਮਰ ਥਰੋਅ ਮੁਕਾਬਲੇ ‘ਚ ਭਾਰਤ ਦੀ ਮੰਜੂ ਬਾਲਾ ਨੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਦਕਿ ਹਮਵਤਨ ਸਰਿਤਾ ਸਿੰਘ ਅਜਿਹਾ ਕਰਨ ‘ਚ ਨਾਕਾਮ ਰਹੀ। ਮੰਜੂ ਬਾਲਾ ਕੁਆਲੀਫਿਕੇਸ਼ਨ ਗੇੜ ‘ਚ ਆਪਣੀ ਪਹਿਲੀ ਹੀ ਕੋਸ਼ਿਸ਼ ‘ਚ 59.68 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ 11ਵੇਂ ਸਥਾਨ ‘ਤੇ ਰਹੀ। ਇਸੇ ਮੁਕਾਬਲੇ ‘ਚ ਇੱਕ ਹੋਰ ਭਾਰਤੀ ਖਿਡਾਰਨ ਸਰਿਤਾ 57.48 ਮੀਟਰ ਦੇ ਆਪਣੇ ਸਭ ਤੋਂ ਥਰੋਅ ਨਾਲ 13ਵੇਂ ਸਥਾਨ ‘ਤੇ ਰਹੀ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਨਿਯਮਾਂ ਅਨੁਸਾਰ ਸਰਵੋਤਮ 12 ਖਿਡਾਰੀ ਹੀ ਫਾਈਨਲ ‘ਚ ਪਹੁੰਚਦੇ ਹਨ। ਫਾਈਨਲ ਮੁਕਾਬਲਾ ਛੇ ਅਗਸਤ ਨੂੰ ਹੋਵੇਗਾ। ਕੈਨੇਡਾ ਦੀ ਕੈਮਰਿਨ ਰੌਜਰਜ਼ ਕੁਆਲੀਫਿਕੇਸ਼ਨ ‘ਚ 74.68 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਸਿਖਰ ‘ਤੇ ਰਹੀ ਜੋ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਹੈ।