ਨਵੀਂ ਦਿੱਲੀ, 9 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.23 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ, ਜਿਸ ਵਿਚ ਜ਼ਿਆਦਾਤਰ ਬੈਂਕ ਜਮ੍ਹਾਂ ਰਾਸ਼ੀ ਹੈ। ਉਨ੍ਹਾਂ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਗਾਂਧੀਨਗਰ ਵਿਚ ਜ਼ਮੀਨ ਦੇ ਟੁਕੜੇ ਵਿਚਲਾ ਆਪਣਾ ਹਿੱਸਾ ਦਾਨ ਕੀਤਾ ਹੈ। ਉਨ੍ਹਾਂ ਨੇ ਕਿਸੇ ਬਾਂਡ, ਸ਼ੇਅਰ ਜਾਂ ਮਿਊਚੁਅਲ ਫੰਡਾਂ ਵਿੱਚ ਕੋਈ ਨਿਵੇਸ਼ ਨਹੀਂ ਕੀਤਾ ਹੈ, ਕੋਈ ਵਾਹਨ ਨਹੀਂ ਹੈ ਪਰ 31 ਮਾਰਚ ਤੱਕ ਅੱਪਡੇਟ ਘੋਸ਼ਣਾ ਅਨੁਸਾਰ ਉਨ੍ਹਾਂ ਕੋਲ 1.73 ਲੱਖ ਰੁਪਏ ਦੀ ਕੀਮਤ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ ਹਨ। ਸ੍ਰੀ ਮੋਦੀ ਦੀ ਚੱਲ ਜਾਇਦਾਦ ਵਿੱਚ ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ‘ਤੇ ਅਪਲੋਡ ਵੇਰਵਿਆਂ ਅਨੁਸਾਰ 31 ਮਾਰਚ 2022 ਤੱਕ ਉਨ੍ਹਾਂ ਦੀ ਕੁੱਲ ਸੰਪਤੀ 2,23,82,504 ਰੁਪਏ ਹੈ। ਪ੍ਰਧਾਨ ਮੰਤਰੀ ਦੇ ਕੈਬਨਿਟ ਸਾਥੀਆਂ, ਜਿਨ੍ਹਾਂ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ, ਉਨ੍ਹਾਂ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 31 ਮਾਰਚ 2022 ਤੱਕ 2.54 ਕਰੋੜ ਰੁਪਏ ਦੀ ਚੱਲ ਅਤੇ 2.97 ਕਰੋੜ ਦੀ ਅਚੱਲ ਜਾਇਦਾਦ ਹੈ।