ਪਟਨਾ, 9 ਅਗਸਤ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਰਾਜਪਾਲ ਫਾਗੂ ਚੌਹਾਨ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਤੇ ਨਾਲ ਹੀ ਨਵੀਂ ਸਰਕਾਰ ਬਣਾਉਣ ਲਈ 160 ਵਿਧਾਇਕਾਂ ਦਾ ਸਮਰਥਨ ਦਾ ਦਾਅਵਾ ਕੀਤਾ ਹੈ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਵੀ ਕਰ ਲਿਆ ਹੈ। ਅਸਤੀਫ਼ੇ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਕੁਮਾਰ ਆਪਣਾ ਅਸਤੀਫ਼ਾ ਦੇੇਣ ਲਈ ਰਾਜ ਭਵਨ ਪੁੱਜੇ। ਅਸਤੀਫ਼ੇ ਦਾ ਫ਼ੈਸਲਾ ਜੇਡੀਯੂ ਦੇ ਵਿਧਾਇਕ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੀ ਪਾਰਟੀ ਜੇਡੀਯੂ ਦੇ ਵਿਧਾਇਕਾਂ ਨਾਲ ਭਾਜਪਾ ਨਾਲ ਗਠਜੋੜ ਜਾਰੀ ਰੱਖਣ ਜਾਂ ਤੋੜਨ ਬਾਰੇ ਫ਼ੈਸਲਾ ਕਰਨ ਲਈ ਮੀਟਿੰਗ ਕੀਤੀ ਗਈ। ਨਿਤੀਸ਼ ਕੁਮਾਰ ਦੇ ਸਮਰਥਕ ਇਲਜ਼ਾਮ ਲਗਾ ਰਹੇ ਹਨ ਕਿ ਭਾਜਪਾ ਮਹਾਰਾਸ਼ਟਰ ਵਾਂਗ ਜੇਡੀਯੂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਆਰਜੇਡੀ ਦੇ ਵਿਧਾਇਕਾਂ ਦੀ ਮੀਟਿੰਗ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਆਪਣੀ ਮਾਂ ਰਾਬੜੀ ਦੇਵੀ ਦੇ ਬੰਗਲੇ ‘ਤੇ ਸੱਦੀ। ਇਸ ਦੌਰਾਨ ਰਾਜ ਦੇ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਕਾਂਗਰਸ ਦੇ ਵਿਧਾਇਕ ਵੀ ਪਟਨਾ ‘ਚ ਹਨ।