ਨਵੀਂ ਦਿੱਲੀ, 13 ਅਗਸਤ
ਕੇਂਦਰੀ ਯੂਨੀਵਰਸਿਟੀ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (ਸੀਯੂਈਟੀ-ਯੂਜੀ) ਪ੍ਰੀਖਿਆ ਦੇ ਚੌਥੇ ਗੇੜ ਵਿਚ ਬੈਠਣ ਵਾਲੇ 11,000 ਉਮੀਦਵਾਰਾਂ ਦੀ ਪ੍ਰੀਖਿਆ ਨੂੰ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਜੋ ਪ੍ਰੀਖਿਆ ਕੇਂਦਰ ਉਨ੍ਹਾਂ ਦੀ ਪਸੰਦ ਦੇ ਸ਼ਹਿਰ ਮੁਤਾਬਕ ਬਣਾਏ ਜਾ ਸਕਣ। ਚੌਥੇ ਗੇੜ ਦੀ ਪ੍ਰੀਖਿਆ 17 ਤੋਂ 20 ਅਗਸਤ ਤੱਕ ਹੋਣੀ ਸੀ ਅਤੇ ਇਸ ਵਿੱਚ 3.72 ਲੱਖ ਉਮੀਦਵਾਰ ਬੈਠਣੇ ਸਨ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ), ਜੋ ਪ੍ਰੀਖਿਆ ਕਰਵਾਉਣ ਲਈ ਜ਼ਿੰਮੇਵਾਰ ਹੈ, ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸਾਰੇ ਗੇੜਾਂ ਦੀ ਪ੍ਰੀਖਿਆ 28 ਅਗਸਤ ਨੂੰ ਖਤਮ ਹੋਵੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ, ‘ਚੌਥੇ ਗੇੜ ਵਿੱਚ ਬੈਠਣ ਵਾਲੇ 3.72 ਲੱਖ ਉਮੀਦਵਾਰਾਂ ਵਿੱਚੋਂ 11 ਹਜ਼ਾਰ ਉਮੀਦਵਾਰਾਂ ਦੀ ਪ੍ਰੀਖਿਆ, ਪ੍ਰੀਖਿਆ ਕੇਂਦਰ ਲਈ ਆਪਣੀ ਪਸੰਦ ਦੇ ਸ਼ਹਿਰ ਨੂੰ ਚੁਣਨ ਲਈ 30 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।