ਨਵੀਂ ਦਿੱਲੀ, 23 ਅਗਸਤ
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐੱਫ) ਦੀ ਕਾਰਜਕਾਰਨੀ ਕਮੇਟੀ ਦੀ ਚੋਣ 2 ਸਤੰਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 25 ਅਗਸਤ ਤੋਂ ਸ਼ੁਰੂ ਹੋਵੇਗੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਬਰਖਾਸਤ ਕਰਦੇ ਹੋਏ ਏਆਈਐੱਫਐੱਫ ਚੋਣਾਂ ਨੂੰ ਹਫ਼ਤੇ ਲਈ ਟਾਲ ਦਿੱਤਾ ਸੀ। ਇਸ ਤੋਂ ਬਾਅਦ ਰਿਟਰਨਿੰਗ ਅਫਸਰ ਉਮੇਸ਼ ਸਿਨਹਾ ਨੇ ਨਵੀਂ ਸੂਚਨਾ ਜਾਰੀ ਕੀਤੀ, ਜਿਸ ਵਿਚ ਨਵੀਂ ਤਰੀਕ ਦਿੱਤੀ ਗਈ ਹੈ। ਵੀਰਵਾਰ ਤੋਂ ਸ਼ਨਿਚਰਵਾਰ ਤੱਕ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ ਅਤੇ 28 ਅਗਸਤ ਨੂੰ ਕਾਗਜ਼ਾਂ ਦੀ ਛਾਂਟੀ ਕੀਤੀ ਜਾਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 29 ਅਗਸਤ ਹੈ, ਜਿਸ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਅੰਤਿਮ ਸੂਚੀ ਤਿਆਰ ਕਰਕੇ 30 ਅਗਸਤ ਨੂੰ ਏਆਈਐੱਫਐੱਫ ਦੀ ਵੈੱਬਸਾਈਟ ‘ਤੇ ਪਾ ਦੇਣਗੇ। ਚੋਣਾਂ 2 ਸਤੰਬਰ ਨੂੰ ਏਆਈਐੱਫਐੱਫ ਦੇ ਦਿੱਲੀ ਸਥਿਤ ਹੈੱਡਕੁਆਰਟਰ ਵਿੱਚ ਹੋਣਗੀਆਂ ਅਤੇ ਨਤੀਜੇ 2 ਜਾਂ 3 ਸਤੰਬਰ ਨੂੰ ਐਲਾਨੇ ਜਾਣਗੇ।