ਸਿਡਨੀ (ਗੁਰਚਰਨ ਸਿੰਘ ਕਾਹਲੋਂ): ਆਸਟਰੇਲੀਆ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ 2022 ਦੀਆਂ ਟਿਕਟਾਂ ਦੀ ਮੰਗ ਜ਼ੋਰਾਂ ‘ਤੇ ਹੈ। ਭਾਰਤੀ ਮੈਚਾਂ ਦੀਆਂ ਟਿਕਟਾਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਕੁੱਝ ਵੈੱਬਸਾਈਟਾਂ ‘ਤੇ ਟਿਕਟਾਂ ਦਸ ਗੁਣਾਂ ਵੱਧ ਭਾਅ ‘ਤੇ ਵਿਕ ਰਹੀਆਂ ਹਨ। ਜਾਣਕਾਰੀ ਅਨੁਸਾਰ ਆਸਟਰੇਲੀਆ ਵਿੱਚ 16 ਅਕਤੂਬਰ ਤੋਂ 13 ਨਵੰਬਰ ਤੱਕ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਵਿੱਚ 16 ਟੀਮਾਂ 45 ਮੈਚ ਖੇਡਣਗੀਆਂ। ਭਾਵੇਂ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਹਾਲੇ ਕਰੀਬ ਦੋ ਮਹੀਨੇ ਦਾ ਸਮਾਂ ਪਿਆ ਹੈ ਪਰ ਬਹੁਤੀਆਂ ਟਿਕਟਾਂ ਵਿਕ ਗਈਆਂ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ 23 ਅਕਤੂਬਰ ਨੂੰ ਮੈਲਬਰਨ ਵਿੱਚ ਹੋਣ ਵਾਲੇ ਮੈਚ ਦੀਆਂ ਟਿਕਟਾਂ ਜਨਵਰੀ ‘ਚ ਸਿਰਫ ਕੁਝ ਮਿੰਟਾਂ ਲਈ ਖੁੱਲ੍ਹੀਆਂ ਸਨ ਜੋ ਤੁਰੰਤ ਵਿਕ ਗਈਆਂ। ਆਈਸੀਸੀ ਦੇ ਅਧਿਕਾਰੀ ਜੈੱਫ ਐਲਾਰਡਿਸ ਨੇ ਕਿਹਾ ਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਉਹ ਆਖਰੀ ਮੌਕੇ ‘ਤੇ ਜਾਰੀ ਹੋਣ ਵਾਲੀਆਂ ਟਿਕਟਾਂ ਖਰੀਦ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਲਾਈਵ ਦੇਖ ਸਕਦੇ ਹਨ। ਉਨ੍ਹਾਂ ਪ੍ਰਸ਼ੰਸਕਾਂ ਨੂੰ ਕਾਲਾਬਾਜ਼ਰੀ ਤੋਂ ਬਚਣ ਅਤੇ ‘ਆਈਸੀਸੀ’ ਦੀ ਵੈੱਬਸਾਈਟ ਰਾਹੀਂ ਟਿਕਟ ਖਰੀਦਣ ਦੀ ਅਪੀਲ ਕੀਤੀ ਹੈ।