ਨਿਊਯਾਰਕ: ਭਾਰਤ ਦਾ ਯੁਕੀ ਭਾਂਬਰੀ ਮਾਲਦੋਵਾ ਦੇ ਰਾਡੂ ਅਲਬੋਟਾ ‘ਤੇ ਇਕ ਸੰਘਰਸ਼ਪੂਰਨ ਮੁਕਾਬਲੇ ਵਿੱਚ ਜਿੱਤ ਦਰਜ ਕਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਲੀਫਾਇਰਜ਼ ਦੇ ਦੂਜੇ ਗੇੜ ‘ਚ ਦਾਖ਼ਲ ਹੋ ਗਿਆ। ਹਾਲਾਂਕਿ, ਦੇਸ਼ ਦੇ ਸਿਖਰਲੀ ਰੈਂਕਿੰਗ ਦੇ ਪੁਰਸ਼ ਖਿਡਾਰੀ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਆਪੋ-ਆਪਣੇ ਮੈਚ ਸਿੱਧੇ ਸੈੱਟਾਂ ਵਿੱਚ ਹਾਰ ਕੇ ਬਾਹਰ ਹੋ ਗਏ। ਵਿਸ਼ਵ ਵਿੱਚ 552ਵੇਂ ਨੰਬਰ ‘ਤੇ ਕਾਬਜ਼ ਯੁਕੀ ਨੇ ਇਕ ਘੰਟਾ 34 ਮਿੰਟ ਤੱਕ ਚੱਲੇ ਮੈਚ ਵਿੱਚ ਆਪਣੇ ਨਾਲੋਂ ਵੱਧ ਰੈਂਕਿੰਗ ਵਾਲੇ ਅਲਬੋਟਾ (107) ਨੂੰ 7-6 (4) 6-4 ਨਾਲ ਹਰਾਇਆ। ਯੁਕੀ ਨੈ ਪਹਿਲੇ ਸੈੱਟ ਵਿੱਚ ਧੀਮੀ ਸ਼ੁਰੂਆਤ ਕੀਤੀ ਪਰ ਉਹ ਵਾਪਸੀ ਕਰਨ ‘ਚ ਸਫ਼ਲ ਰਿਹਾ ਅਤੇ ਸੈੱਟ ਨੂੰ ਟਾਈਬ੍ਰੇਕਰ ਤੱਕ ਲੈ ਕੇ ਗਿਆ, ਜਿਸ ਵਿੱਚ ਉਸ ਨੇ ਜਿੱਤ ਦਰਜ ਕੀਤੀ। ਦੁਨੀਆ ਦਾ 241ਵੇਂ ਨੰਬਰ ਦਾ ਖਿਡਾਰੀ ਰਾਮਨਾਥਨ ਅਮਰੀਕੀ ਕਿਸ਼ੋਰ ਬਰੂਨੋ ਕੁਜ਼ੂਹਾਰਾ ਕੋਲੋਂ ਇਕ ਘੰਟੇ ਵਿੱਚ 3-6, 5-7 ਅਤੇ ਨਾਗਲ ਕੈਨੇਡਾ ਦੇ ਵਾਸੇਕ ਪੋਸਪੀਸਿਲ ਕੋਲੋਂ 6-7, 4-6 ਤੋਂ ਹਾਰ ਗਿਆ। ਦੂਜੇ ਸੈੱਟ ਵਿੱਚ ਉਸ ਨੇ ਵਧੀਆ ਖੇਡ ਦਿਖਾਈ ਅਤੇ ਜਿੱਤ ਕੇ ਅਗਲੇ ਗੇੜ ‘ਚ ਜਗ੍ਹਾ ਬਣਾਈ। -ਪੀਟੀਆਈ