ਈਗਲ ਪਾਸ (ਟੈਕਸਾਸ), 3 ਸਤੰਬਰ
ਅਮਰੀਕਾ ਦੇ ਟੈਕਸਾਸ ਸੂਬੇ ਦੇ ਈਗਲ ਪਾਸ ‘ਤੇ ਅਤਿ ਖ਼ਤਰਨਾਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰੀਓ ਗ੍ਰਾਂਡੇ ਵਿੱਚ ਘੱਟੋ-ਘੱਟ ਅੱਠ ਸ਼ਰਨਾਰਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਵੀਰਵਾਰ ਨੂੰ ਯੂਐੱਸ ਕਸਟਮਜ਼ ਐਂਡ ਬਾਰਡਰ ਡਿਫੈਂਸ (ਸੀਬੀਪੀ) ਅਤੇ ਮੈਕਸੀਕਨ ਅਧਿਕਾਰੀਆਂ ਨੂੰ ਮਿਲੀਆਂ। ਭਾਰੀ ਮੀਂਹ ਤੋਂ ਬਾਅਦ ਲੋਕਾਂ ਦੇ ਵੱਡੇ ਸਮੂਹ ਨੇ ਇਲਾਕੇ ਵਿੱਚੋਂ ਲੰਘਦੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸੀਬੀਪੀ ਦੇ ਬਿਆਨ ਦੇ ਅਨੁਸਾਰ ਯੂਐੱਸ ਅਧਿਕਾਰੀਆਂ ਨੂੰ ਛੇ ਲਾਸ਼ਾਂ ਮਿਲੀਆਂ, ਜਦੋਂ ਕਿ ਮੈਕਸੀਕਨ ਟੀਮਾਂ ਨੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਮਰੀਕੀ ਅਧਿਕਾਰੀਆਂ ਨੇ ਨਦੀ ਵਿੱਚੋਂ 37 ਹੋਰ ਲੋਕਾਂ ਨੂੰ ਕੱਢਿਆ ਅਤੇ 16 ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲਿਆ। ਸੀਬੀਪੀ ਨੇ ਇਹ ਨਹੀਂ ਦੱਸਿਆ ਕਿ ਸ਼ਰਨਾਰਥੀ ਕਿਸ ਦੇਸ਼ ਦੇ ਸਨ ਅਤੇ ਬਚਾਅ ਅਤੇ ਖੋਜ ਮੁਹਿੰਮ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।