ਮੋਗਾਦਿਸ਼ੂ (ਸੋਮਾਲੀਆ), 3 ਸਤੰਬਰ
ਕੱਟੜ ਜਥੇਬੰਦੀ ਅਲ-ਸ਼ਬਾਬ ਨੇ ਅੱਜ ਸਵੇਰੇ ਹਿਰਾਨ ਖੇਤਰ ਵਿੱਚ ਘੱਟੋ-ਘੱਟ 20 ਯਾਤਰੀਆਂ ਦੀ ਹੱਤਿਆ ਕਰ ਦਿੱਤੀ ਅਤੇ ਖ਼ੁਰਾਕੀ ਵਸਤਾਂ ਲਿਜਾ ਰਹੇ ਸੱਤ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਸੋਮਾਲੀਆ ਦੇ ਸਰਕਾਰੀ ਮੀਡੀਆ ਅਤੇ ਵਸਨੀਕਾਂ ਨੇ ਇਹ ਜਾਣਕਾਰੀ ਦਿੱਤੀ। ਵਸਨੀਕਾਂ ਨੇ ਕਿਹਾ ਕਿ ਅਲਕਾਇਦਾ ਨਾਲ ਜੁੜੀ ਇਸ ਜਥੇਬੰਦੀ ਵੱਲੋਂ ਇਹ ਹਮਲਾ ਸਥਾਨਕ ਲੋਕਾਂ ਦੀ ਲਾਮਬੰਦੀ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਇੱਥੋਂ ਦੇ ਵਸਨੀਕ ਹਸਨ ਅਬਦੁੱਲ ਨੇ ਇਸ ਖ਼ਬਰ ਏਜੰਸੀ ਨੂੰ ਫੋਨ ‘ਤੇ ਦੱਸਿਆ, ”ਪੀੜਤਾਂ ਵਿੱਚ ਡਰਾਈਵਰ ਤੇ ਯਾਤਰੀ ਸਨ, ਜੋ ਬੈਲੇਟਵੇਨ ਤੋਂ ਮਹਾਸ ਲਈ ਖੁਰਾਕੀ ਵਸਤਾਂ ਲੈ ਕੇ ਜਾ ਰਹੇ ਸਨ। ਭੋਜਨ ਅਤੇ ਯਾਤਰੀਆਂ ਨੂੰ ਲਿਜਾਣ ਵਾਲੇ ਕੁੱਲ ਸੱਤ ਟਰੱਕਾਂ ਨੂੰ ਅੱਗ ਲਾ ਦਿੱਤੀ ਗਈ।” ਜ਼ਿਕਰਯੋਗ ਹੈ ਕਿ ਸਰਕਾਰੀ ਬਲਾਂ ਨੇ ਇੱਕ ਦਿਨ ਪਹਿਲਾਂ ਬਾਰੂਦੀ ਸੁਰੰਗਾਂ ਨੂੰ ਤਬਾਹ ਕਰ ਕੇ ਅਲ-ਸ਼ਬਾਬ ਦੀ ਬੈਲੇਟਵੇਨ ਅਤੇ ਮਤਾਬਨ ਨੂੰ ਜੋੜਨ ਵਾਲੀ ਸੜਕ ‘ਤੇ ਯਾਤਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। -ਏਪੀ