ਬਰਲਿਨ, 6 ਸਤੰਬਰ
ਜਰਮਨੀ ਦੀ ਏਅਰਲਾਈਨ ਕੰਪਨੀ ਲਫਥਾਂਜ਼ਾ ਨੇ ਅੱਜ ਦੱਸਿਆ ਕਿ ਉਨ੍ਹਾਂ ਵੱਲੋਂ ਪਾਇਲਟਾਂ ਨੂੰ ਬਿਹਤਰ ਤਨਖ਼ਾਹ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਲਈ ਗਈ ਹੈ। ਕੰਪਨੀ ਵੱਲੋਂ ਇਹ ਐਲਾਨ ਪਾਇਲਟਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉਨ੍ਹਾਂ ਇਸ ਹਫ਼ਤੇ ਦੋ ਦਿਨ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਜਿਸ ਨਾਲ ਕੌਮਾਂਤਰੀ ਪੱਧਰ ‘ਤੇ ਵੱਡੀ ਗਿਣਤੀ ਯਾਤਰੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਇਲਟਾਂ ਦੀ ਯੂਨੀਅਨ ਨੇ ਭਲਕੇ ਤੇ ਵੀਰਵਾਰ ਨੂੰ ਹੜਤਾਲ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨਾਲ ਹੀ ਕੰਪਨੀ ਨੂੰ ਸੱਦਾ ਦਿੱਤਾ ਕਿ ਤਨਖਾਹਾਂ ‘ਚ ਵਾਧੇ ਦੀ ਉਹ ‘ਗੰਭੀਰ’ ਪੇਸ਼ਕਸ਼ ਲੈ ਕੇ ਆਉਣ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਵੀ ਪਾਇਲਟਾਂ ਨੇ ਹੜਤਾਲ ਕਰ ਦਿੱਤੀ ਸੀ ਜਿਸ ਕਾਰਨ ਸੈਂਕੜੇ ਉਡਾਣਾਂ ਰੱਦ ਹੋ ਗਈਆਂ ਸਨ। ਲਫਥਾਂਜ਼ਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਰੱਦ ਕੀਤੀਆਂ ਜਾਣ ਵਾਲੀਆਂ ਉਡਾਣਾਂ ਬਾਰੇ ਫ਼ੈਸਲਾ ਉਹ ਜਲਦੀ ਲੈਣਗੇ ਤੇ ਹੜਤਾਲ ਦਾ ਉਡਾਣਾਂ ਉਤੇ ‘ਵੱਡਾ ਅਸਰ’ ਪਵੇਗਾ। -ਏਪੀ