ਵੈਲਡਨ (ਕੈਨੇਡਾ), 6 ਸਤੰਬਰ
ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਲੰਘੇ ਦਿਨ ਚਾਕੂ ਨਾਲ ਲੜੀਵਾਰ ਹਮਲੇ ਕਰਕੇ 10 ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਦੋ ਮਸ਼ਕੂਕਾਂ ‘ਚੋਂ ਇਕ ਅੱਜ ਮ੍ਰਿਤਕ ਮਿਲਿਆ ਹੈ। ਪੁਲੀਸ ਮੁਤਾਬਕ ਮਸ਼ਕੂਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ, ਜੋ ਉਸ ਨੂੰ ਖੁ਼ਦ ਲੱਗੀਆਂ ਨਹੀਂ ਹੋ ਸਕਦੀਆਂ। ਰੈਜੀਨਾ ਪੁਲੀਸ ਦੇ ਮੁਖੀ ਐਵਨ ਬ੍ਰੇਅ ਨੇ ਕਿਹਾ ਕਿ ਮਸ਼ਕੂਕ ਹਮਲਾਵਰ ਡੈਮੀਅਨ ਸੈਂਡਰਜ਼ (31) ਚਾਕੂ ਨਾਲ ਕੀਤੇ ਹਮਲਿਆਂ ਵਾਲੀ ਥਾਂ ਨਜ਼ਦੀਕ ਹੀ ਮ੍ਰਿਤ ਮਿਲਿਆ ਹੈ। ਪੁਲੀਸ ਦਾ ਮੰਨਣਾ ਹੈ ਕਿ ਉਸ ਦਾ ਭਰਾ ਤੇ ਦੂਜਾ ਮਸ਼ਕੂਕ ਮਾਇਲਸ ਸੈਂਡਰਸਨ (30) ਵੀ ਜ਼ਖ਼ਮੀ ਹੈ ਤੇ ਇਸ ਵੇਲੇ ਫ਼ਰਾਰ ਹੈ। ਪੁਲੀਸ ਨੂੰ ਉਸ ਦੇ ਰੈਜੀਨਾ ਦੀ ਸੂਬਾਈ ਰਾਜਧਾਨੀ ਵਿੱਚ ਹੋਣ ਦੀ ਸੰਭਾਵਨਾ ਹੈ। ਉਂਜ ਪਹਿਲੀ ਵਾਰ ਹੈ ਜਦੋਂ ਪੁਲੀਸ ਨੇ ਦੋਵਾਂ ਮਸ਼ਕੂਕਾਂ ਦੇ ਭਰਾ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਦੂਜੇ ਮਸ਼ਕੂਕ ਦੀ ਭਾਲ ਕਰ ਰਹੀ ਹੈ। -ਏਪੀ