ਉਲਾਨਬਾਤਰ, 6 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਮੰਗੋਲੀਆ ਦੇ ਰਾਸ਼ਟਰਪਤੀ ਉਖਨਾਗੀਨ ਖੁਰੇਲਸੁਖ ਸਮੇਤ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਮੰਗੋਲੀਆ ਦਾ ਦੌਰਾ ਕਰਨ ਵਾਲੇ ਰਾਜਨਾਥ ਪਹਿਲੇ ਭਾਰਤੀ ਰੱਖਿਆ ਮੰਤਰੀ ਹਨ। ਉਹ ਮੰਗੋਲੀਆ ਤੇ ਜਾਪਾਨ ਦੀ ਪੰਜ ਰੋਜ਼ਾ ਯਾਤਰਾ ‘ਤੇ ਹਨ।
ਇਸ ਯਾਤਰਾ ਦਾ ਮਕਸਦ ਖੇਤਰੀ ਸੁਰੱਖਿਆ ਹਾਲਾਤ ਤੇ ਆਲਮੀ ਭੂਗੋਲਿਕ-ਸਿਆਸੀ ਉਥਲ-ਪੁਥਲ ਵਿਚਾਲੇ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਤੇ ਰੱਖਿਆ ਸਬੰਧਾਂ ਦਾ ਵਿਸਥਾਰ ਕਰਨਾ ਹੈ। ਰਾਜਨਾਥ ਸਿੰਘ ਸੱਤ ਸਤੰਬਰ ਤੱਕ ਮੰਗੋਲੀਆ ਦੀ ਯਾਤਰਾ ‘ਤੇ ਰਹਿਣਗੇ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਮੰਗੋਲੀਆ ਦੇ ਰਾਸ਼ਟਰਪਤੀ ਐੱਚਈਯੂ ਖੁਰੇਲਸੁਖ ਨਾਲ ਉਲਾਨਬਾਤਰ ‘ਚ ਮੁਲਾਕਾਤ ਬਿਹਤਰੀਨ ਰਹੀ। 2018 ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ ਤਾਂ ਉਸ ਸਮੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਸੀਂ ਮੰਗੋਲੀਆ ਨਾਲ ਆਪਣੀ ਬਹੁਪੱਖੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ।’ ਉਨ੍ਹਾਂ ਇੱਕ ਹੋਰ ਟਵੀਟ ‘ਚ ਕਿਹਾ, ‘ਮੰਗੋਲੀਆ ਦੀ ਸੰਸਦ ਦੇ ਸਪੀਕਰ ਜ਼ਾਨਦਾਨਸ਼ਤਾਰ ਨਾਲ ਗੱਲਬਾਤ ਕਰਕੇ ਚੰਗਾ ਲੱਗਾ। ਬੁੱਧ ਧਰਮ ਦੀ ਸਾਡੀ ਸਾਂਝੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਤੇ ਉਸ ਦੇ ਪਾਸਾਰ ਲਈ ਉਨ੍ਹਾਂ ਦੀ ਹਮਾਇਤ ਦੀ ਮੈਂ ਸ਼ਲਾਘਾ ਕਰਦਾ ਹਾਂ।’ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਮੰਗੋਲੀਆ ਦੇ ਰੱਖਿਆ ਮੰਤਰੀ ਸੈਖਾਨਬਯਾਰ ਨਾਲ ਵੀ ਮੁਲਾਕਾਤ ਕੀਤੀ। ਇੱਥੇ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੰਗੋਲੀਆ ਦੀ ਪਹਿਲੀ ਯਾਤਰਾ ਦੌਰਾਨ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। -ਪੀਟੀਆਈ
‘2+2’ ਸੰਵਾਦ ਲਈ ਜਾਪਾਨ ਦੌਰੇ ‘ਤੇ ਜਾਣਗੇ ਰਾਜਨਾਥ ਤੇ ਜੈਸ਼ੰਕਰ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਸ ਹਫ਼ਤੇ ‘2+2’ ਸੰਵਾਦ ਵਿੱਚ ਹਿੱਸਾ ਲੈਣ ਲਈ ਜਾਪਾਨ ਜਾਣਗੇ, ਜਿੱਥੇ ਉਹ ਆਪਣੇ ਜਾਪਾਨੀ ਹਮਰੁਤਬਾ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਦੇਸ਼ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਲਈ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ”ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ 7 ਸਤੰਬਰ ਤੋਂ 10 ਸਤੰਬਰ ਤੱਕ ਦੁਵੱਲੇ ਭਾਰਤ-ਜਾਪਾਨ ‘2+2’ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਦੌਰੇ ਦੌਰਾਨ ਦੋਵੇਂ ਮੰਤਰੀ ਆਪਣੇ ਹਮਰੁਤਬਾ ਨਾਲ ਮੀਟਿੰਗ ਕਰਨਗੇ ਤੇ ਜਾਪਾਨ ਦੇ ਰੱਖਿਆ ਮੰਤਰੀ ਯਾਸੂਕਾਜ਼ੂ ਹਮਾਦਾ ਅਤੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨਾਲ ਗੱਲਬਾਤ ਕਰਨਗੇ।” -ਪੀਟੀਆਈ