ਸ਼ਾਰਜਾਹ: ਏਸ਼ੀਆ ਕੱਪ ਦੇ ਸੁਪਰ 4 ਮੈਚ ਦੌਰਾਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਬੇਹਦ ਰੁਮਾਂਚਿਕ ਮੈਚ ਦੀ ਸਮਾਪਤੀ ਮਗਰੋਂ ਦੋਵਾਂ ਗੁਆਂਢੀ ਮੁਲਕਾਂ ਦੇ ਪ੍ਰਸ਼ੰਸਕਾਂ ਦੀ ਸਟੇਡੀਅਮ ਵਿੱਚ ਝੜਪ ਹੋ ਗਈ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਪ੍ਰਸ਼ੰਸਕ ਪਿਛਲੇ ਸਾਲ ਟੀ-20 ਵਿਸ਼ਵ ਕੱਪ ਅਤੇ 2019 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਵੀ ਇੱਕ-ਦੂਜੇ ਨਾਲ ਖਹਿਬੜ ਪਏ ਸਨ। ਸ਼ਾਰਜਾਹ ਵਿੱਚ ਬੁੱਧਵਾਰ ਨੂੰ ਖੇਡੇ ਗਏ ਮੈਚ ਦੌਰਾਨ ਪਾਕਿਸਤਾਨ ਦੇ ਬੱਲੇਬਾਜ਼ ਆਸਿਫ਼ ਅਲੀ ਨੇ ਆਊਟ ਹੋਣ ਮਗਰੋਂ ਅਫ਼ਗਾਨਿਸਤਾਨ ਦੇ ਤੇਜ਼ ਗੇਦਬਾਜ਼ ਫ਼ਰੀਦ ਅਹਿਮਦ ਨੂੰ ਮਾਰਨ ਲਈ ਆਪਣਾ ਬੱਲਾ ਚੁੱਕਿਆ। ਇਸ ਮਗਰੋਂ ਆਸਿਫ਼ ਦੀ ਵਿਕਟ ਲੈਣ ਮਗਰੋਂ ਫ਼ਰੀਦ ਉਸ ਦੇ ਨੇੜੇ ਆ ਕੇ ਖੁਸ਼ੀ ਮਨਾਉਣ ਲੱਗਿਆ। ਸਟੇਡੀਅਮ ਵਿੱਚ ਮੌਜੂਦ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਾ ਪਾ ਸਕੇ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਪ੍ਰਸ਼ੰਸਕ ਇੱਕ-ਦੂਜੇ ਵੱਲ ਕੁਰਸੀਆਂ ਸੁੱਟਦੇ ਦਿਖਾਈ ਦੇ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਨੇ ਦੱਸਿਆ ਕਿ ਪੀਸੀਬੀ ਜਲਦੀ ਹੀ ਇੰਟਰਨੈਸ਼ਨਲ ਕ੍ਰਿਕਟ ਪਰਿਸ਼ਦ (ਆਈਸੀਸੀ), ਏਸ਼ੀਅਨ ਕ੍ਰਿਕਟ ਪਰਿਸ਼ਦ (ਏਸੀਸੀ), ਅਮੀਰਾਤ ਕ੍ਰਿਕਟ ਬੋਰਡ (ਈਸੀਬੀ), ਸ਼ਾਰਜਾਹ ਕ੍ਰਿਕਟ ਪਰਿਸ਼ਦ ਅਤੇ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਪਾਕਿਸਤਾਨੀ ਪ੍ਰਸ਼ੰਸਕਾਂ ਨਾਲ ਮੈਚ ਦੇ ਬਾਅਦ ਦੀਆਂ ਘਟਨਾਵਾਂ ‘ਤੇ ਨਾਰਾਜ਼ਗੀ ਅਤੇ ਫਿਕਰਮੰਦੀ ਜ਼ਾਹਿਰ ਕਰੇਗਾ। ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕਰਦਿਆਂ ਕਿਹਾ, ”ਅਫ਼ਗਾਨਿਸਤਾਨ ਦੀ ਟੀਮ ਨੇ ਹਮੇਸ਼ਾ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਅਫ਼ਗਾਨੀ ਕਦਰਾਂ-ਕੀਮਤਾਂ ਦੀ ਅਗਵਾਈ ਕੀਤੀ ਹੈ। ਕ੍ਰਿਕਟ ਨੂੰ ਅਸਲ ਵਿੱਚ ‘ਜੈਂਟਲਮੈਨ ਗੇਮ’ ਵਜੋਂ ਜਾਣਿਆ ਜਾਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹੋਰ ਲੋਕ ਵੀ ਖੇਡ ਪ੍ਰਤੀ ਜਨੂੰਨ ਅਤੇ ਸਮਰਪਣ ਦੀ ਭਾਵਨਾ ਦਾ ਸਨਮਾਨ ਕਰਨਗੇ।” -ਪੀਟੀਆਈ