ਜ਼ਿਊਰਿਖ: ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਇੱਕ ਵਾਰ ਫਿਰ ਇਤਿਹਾਸ ਸਿਰਜਦਿਆਂ ਡਾਇਮੰਡ ਲੀਗ ਫਾਈਨਲਜ਼ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਚੋਪੜਾ ਦੀ ਸ਼ੁਰੂਆਤ ਫਾਊਲ ਨਾਲ ਹੋਈ ਸੀ ਪਰ ਉਹ ਦੂਜੀ ਕੋਸ਼ਿਸ਼ ਦੌਰਾਨ 88.44 ਮੀਟਰ ਦੂਰ ਨੇਜ਼ਾ ਸੁੱਟ ਕੇ ਮੋਹਰੀ ਸਥਾਨ ‘ਤੇ ਪਹੁੰਚ ਗਿਆ। ਇਹ ਉਸ ਦੇ ਕਰੀਅਰ ਦਾ ਚੌਥਾ ਬਿਹਤਰੀਨ ਪ੍ਰਦਰਸ਼ਨ ਹੈ, ਜਿਸ ਨੇ ਉਸ ਨੂੰ ਸੋਨ ਤਗ਼ਮਾ ਦਿਵਾਇਆ। ਚੈੱਕ ਗਣਰਾਜ ਦਾ ਓਲੰਪਿਕ ਚਾਂਦੀ ਤਗ਼ਮਾ ਜੇਤੂ ਖਿਡਾਰੀ ਜੈਕਬ ਵਾਡਲੇਜ 86.94 ਮੀਟਰ ਤੱਕ ਨੇਜ਼ਾ ਸੁੱਟ ਕੇ ਦੂਜੇ ਸਥਾਨ ‘ਤੇ ਰਿਹਾ। ਜਰਮਨੀ ਦਾ ਜੂਲੀਅਨ ਵੈਬਰ 83.73 ਮੀਟਰ ਦੂਰੀ ਤੱਕ ਨੇਜ਼ਾ ਸੁੱਟ ਕੇ ਤੀਜੇ ਸਥਾਨ ‘ਤੇ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਚੋਪੜਾ ਨੂੰ ਨਵੀਂ ਪ੍ਰਾਪਤੀ ਲਈ ਵਧਾਈ ਦਿੱਤੀ ਹੈ। -ਪੀਟੀਆਈ