ਨਵੀਂ ਦਿੱਲੀ, 11 ਸਤੰਬਰ
ਮੁੱਖ ਅੰਸ਼
- ਬੰਬੇ ਜ਼ੋਨ ਦਾ ਆਰ.ਕੇ.ਸ਼ਿਸ਼ਿਰ ਅੱਵਲ
- ਮਹਿਲਾ ਉਮੀਦਵਾਰਾਂ ਵਿੱਚ ਦਿੱਲੀ ਜ਼ੋਨ ਦੀ ਤਨਿਸ਼ਕਾ ਕਾਬਰਾ ਨੇ ਮੱਲਿਆ ਪਹਿਲਾ ਸਥਾਨ, ਡੇਢ ਲੱਖ ‘ਚੋਂ 40,712 ਉਮੀਦਵਾਰ ਪਾਸ
ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਿਆਂ ਲਈ ਆਈਆਈਟੀ ਦਾਖ਼ਲਾ ਪ੍ਰੀਖਿਆ ਜੇਈਈ ਐਡਵਾਂਸਡ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਬੰਬੇ ਜ਼ੋਨ ਦਾ ਆਰ.ਕੇ.ਸ਼ਿਸ਼ਿਰ ਪ੍ਰੀਖਿਆ ਵਿੱਚ ਅੱਵਲ ਨੰਬਰ ਰਿਹਾ ਤੇ ਉਸ ਦੇ 360 ਵਿਚੋਂ 314 ਨੰਬਰ ਆਏ ਹਨ। ਮਹਿਲਾ ਵਰਗ ਵਿੱਚ ਤਨਿਸ਼ਕਾ ਕਾਬਰਾ 277 ਅੰਕਾਂ ਨਾਲ ਦਿੱਲੀ ਜ਼ੋਨ ‘ਚੋਂ ਟੌਪਰ ਰਹੀ। ਉਂਜ ਉਸ ਦਾ ਆਲ ਇੰਡੀਆ ਰੈਂਕ 16 ਹੈ। ਇਸ ਪ੍ਰੀਖਿਆ ਵਿੱਚ ਡੇਢ ਲੱਖ ਤੋਂ ਵੱਧ ਵਿਦਿਆਰਥੀ ਬੈਠੇ ਤੇ 40,000 ਤੋਂ ਵੱਧ ਇਸ ਨੂੰ ਪਾਸ ਕਰਨ ਵਿੱਚ ਸਫ਼ਲ ਰਹੇ। ਪ੍ਰੀਖਿਆ ਆਈਆਈਟੀ ਬੰਬੇ ਨੇ ਲਈ ਸੀ। ਆਈਆਈਟੀ ਬੰਬੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ”ਜੇਈਈ (ਐਡਵਾਂਸਡ) 2022 ਦੇ ਦੋਵਾਂ ਪੇਪਰਾਂ ਇਕ ਤੇ ਦੋ ਵਿੱਚ 1,55,538 ਵਿਦਿਆਰਥੀ ਬੈਠੇ। ਇਨ੍ਹਾਂ ਵਿਚੋਂ ਕੁੱਲ 40,712 ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿੱਚ ਸਫ਼ਲ ਰਹੇ ਤੇ ਇਨ੍ਹਾਂ ਵਿਚੋਂ 6516 ਮਹਿਲਾ ਉਮੀਦਵਾਰ ਸਨ।” ਅਧਿਕਾਰੀ ਨੇ ਕਿਹਾ, ”ਆਈਆਈਟੀ ਬੰਬੇ ਜ਼ੋਨ ਦਾ ਆਰ.ਕੇ.ਸ਼ਿਸ਼ਿਰ ਸਾਂਝੀ ਦਰਜਾਬੰਦੀ ਸੂਚੀ (ਸੀਆਰਐੱਲ) ਵਿੱਚ ਅੱਵਲ ਨੰਬਰ ਰਿਹਾ। ਉਸ ਨੇ 360 ਵਿਚੋਂ 314 ਅੰਕ ਲਏ। ਮਹਿਲਾਵਾਂ ਵਿਚੋਂ ਆਈਆਈਟੀ ਦਿੱਲੀ ਜ਼ੋਨ ਦੀ ਤਨਿਸ਼ਕਾ ਕਾਬਰਾ ਸਿਖਰ ‘ਤੇ ਰਹੀ ਤੇ ਉਸ ਦਾ 16ਵਾਂ ਰੈਂਕ ਸੀ। ਉਸ ਨੇ 360 ਵਿਚੋਂ 277 ਅੰਕ ਪ੍ਰਾਪਤ ਕੀਤੇ।” ਦਰਜਾਬੰਦੀ ਵਿੱਚ ਪੋਲੂ ਲਕਸ਼ਮੀ ਸਾਈ ਲੋਹਿਤ ਰੈੱਡੀ ਦੂਜੇ ਜਦੋਂਕਿ ਥੌਮਸ ਬੀਜੂ ਚੀਰਾਮਵੇਲਿਲ ਤੀਜੀ ਥਾਵੇਂ ਰਿਹਾ। ਸਿਖਰਲੇ ਦਸ ਵਿੱਚ ਵੰਗਾਪੱਲੀ ਸਾਈ ਸਿਧਾਰਥ, ਮਯੰਕ ਮੋਟਵਾਨੀ, ਪੋਲੀਸੈੈੱਟੀ ਕਾਰਤੀਕੇਯ, ਪ੍ਰਤੀਕ ਸਾਹੂ, ਧੀਰਜ ਕੁਰੂਕੁੰਡਾ, ਮਾਹਿਤ ਗੜੀਵਾਲਾ ਤੇ ਵੇਤਚਾਹ ਗਨਾਨਾ ਮਹੇਸ਼ ਸ਼ਾਮਲ ਹਨ। ਆਈਆਈਟੀ ਬੰਬੇ ਦੇ ਅਧਿਕਾਰੀ ਨੇ ਕਿਹਾ ਕਿ ਕੁੱਲ ਸਕੋਰ ਦੀ ਗਿਣਤੀ-ਮਿਣਤੀ ਗਣਿਤ, ਫਿਜ਼ਿਕਸ ਤੇ ਕੈਮਿਸਟਰੀ ਵਿੱਚ ਲਏ ਅੰਕਾਂ ਨੂੰ ਮਿਲਾ ਕੇ ਕੀਤੀ ਗਈ ਹੈ। ਇਸ ਸਾਲ 23 ਆਈਆਈਟੀਜ਼ ਵਿੱਚ 16,598 ਸੀਟਾਂ ਹੋਣਗੀਆਂ। -ਪੀਟੀਆਈ
ਨਿੱਟ ਤੇ ਆਈਆਈਆਈਟੀ ਦੀ ਸੈਂਟਰਲਾਈਜ਼ਡ ਕੌਂਸਲਿੰਗ ਨਿੱਟ ਰੁੜਕੇਲਾ ਕਰਵਾਏਗਾ
ਨਵੀਂ ਦਿੱਲੀ: ਨਿੱਟ, ਆਈਆਈਈਐੱਸਟੀ, ਆਈਆਈਆਈਟੀਜ਼ ਤੇ ਸਕੂਲ ਆਫ਼ ਪਲਾਨਿੰਗ ਤੇ ਆਰਕੀਟੈਕਚਰ ਵਿੱਚ ਵੱੱਖ ਵੱਖ ਅੰਡਰ-ਗਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਿਆਂ ਲਈ ਸੈਂਟਰਲਾਈਜ਼ਡ ਸੀਟ ਅਲਾਟਮੈਂਟ ਦੇ ਅਮਲ ਦਾ ਪ੍ਰਬੰਧ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਨਿੱਟ) ਰੁੜਕੇਲਾ ਵੱਲੋਂ ਕੀਤਾ ਜਾਵੇਗਾ। ਇੰਸਟੀਚਿਊਟ ਵੱਲੋਂ ਜੁਆਇੰਟ ਸੀਟ ਐਲੋਕੇਸ਼ਨ ਅਥਾਰਿਟੀ(ਜੇਓਐੱਸਏਏ) ਦੀ ਸਹਿ-ਮੇਜ਼ਬਾਨੀ ਵੀ ਕੀਤੀ ਜਾਵੇਗੀ। -ਪੀਟੀਆਈ
ਪੰਜਾਬ ਵਿਚੋਂ ਮ੍ਰਿਣਾਲ ਗਰਗ ਮੋਹਰੀ
ਚੰਡੀਗੜ੍ਹ: ਪੰਜਾਬ ਵਿਚੋਂ ਮ੍ਰਿਣਾਲ ਗਰਗ ਮੋਹਰੀ ਰਿਹਾ ਹੈ। ਬਠਿੰਡਾ ਦੇ ਮ੍ਰਿਣਾਲ ਦਾ 19ਵਾਂ ਰੈਂਕ ਆਇਆ ਹੈ ਤੇ ਉਸ ਨੇ ਸੇਂਟ ਕਬੀਰ ਕਾਨਵੈਂਟ ਸਕੂਲ ਵਿਚੋਂ ਪੜ੍ਹਾਈ ਮੁਕੰਮਲ ਕੀਤੀ ਹੈ। ਮ੍ਰਿਣਾਲ ਨੇ ਜੇਈਈ ਮੇਨਜ਼ ਸੈਸ਼ਨ ਇਕ ਵਿਚ ਦੇਸ਼ ਭਰ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ ਸੀ ਜਦਕਿ ਜੇਈਈ ਸੈਸ਼ਨ ਦੋ ਵਿਚ ਉਸ ਨੇ ਟੌਪ ਕੀਤਾ ਸੀ। ਇਸ ਤੋਂ ਇਲਾਵਾ ਨਮਨ ਗੋਇਲ ਦਾ 78ਵਾਂ ਤੇ ਕੁਸ਼ਾਗਰ ਦਾ 96ਵਾਂ ਰੈਂਕ ਆਇਆ ਹੈ।