ਇਸਲਾਮਾਬਾਦ, 13 ਸਤੰਬਰ
ਦਹਿਸ਼ਤਗਰਦਾਂ ਨੂੰ ਫੰਡਿੰਗ ਤੇ ਮਨੀ ਲਾਂਡਰਿੰਗ ‘ਤੇ ਬਾਜ਼ ਅੱਖ ਰੱਖਣ ਵਾਲੀ ਆਲਮੀ ਸੰਸਥਾ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਏਸ਼ੀਆ-ਪ੍ਰਸ਼ਾਂਤ ਸਮੂਹ ਨੇ 11 ਕੌਮਾਂਤਰੀ ਟੀਚਿਆਂ ਵਿੱਚੋਂ 10 ਵਿੱਚ ਪਾਕਿਸਤਾਨ ਦੀ ਕਾਰਗੁਜ਼ਾਰੀ ਨੂੰ ‘ਨੀਵੇਂ ਦਰਜੇ’ ਦੀ ਦੱਸਿਆ ਹੈ। ਇਹ ਟੀਚੇ ਮਨੀ ਲਾਂਡਰਿੰਗ ਨੂੰ ਰੋਕਣ ਤੇ ਅਤਿਵਾਦ ਨੂੰ ਫੰਡਿੰਗ ਦੇ ਟਾਕਰੇ ‘ਤੇ ਆਧਾਰਿਤ ਸਨ। ਰੋਜ਼ਨਾਮਚਾ ਡਾਅਨ ਦੀ ਰਿਪੋਰਟ ਮੁਤਾਬਕ ਏਸ਼ੀਆ ਪੈਸੇਫਿਕ ਸਮੂਹ (ਏਪੀਐੱਫ), ਜੋ ਐੱਫਏਟੀਐੱਫ ਨਾਲ ਜੁੜਿਆ ਸਿਡਨੀ ਆਧਾਰਿਤ ਖੇਤਰੀ ਗਰੁੱਪ ਹੈ, ਨੇ 2 ਸਤੰਬਰ ਨੂੰ ਆਪਣੇ ਖੇਤਰੀ ਮੈਂਬਰਾਂ ਦੀ ਦਰਜਾਬੰਦੀ ਨੂੰ ਲੈ ਕੇ ਅਪਡੇਟ ਰਿਲੀਜ਼ ਕੀਤਾ ਸੀ। ਇਸ ਮੁਤਾਬਕ ਪਾਕਿਸਤਾਨ 11 ਟੀਚਿਆਂ ਵਿੱਚੋਂ ਸਿਰਫ ਇਕ ਵਿੱਚ ਹੀ ‘ਦਰਮਿਆਨੇ ਪੱਧਰ ‘ਤੇ ਅਸਰਦਾਰ ਸਾਬਤ’ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਐੱਫਏਟੀਐੱਫ ਤੇ ਏਪੀਜੀ ਦਾ 15 ਮੈਂਬਰੀ ਸਾਂਝਾ ਵਫ਼ਦ 29 ਅਗਸਤ ਤੋਂ 2 ਸਤੰਬਰ ਦਰਮਿਆਨ ਪਾਕਿਸਤਾਨ ਆਇਆ ਸੀ, ਜਿੱਥੇ 34 ਨੁਕਤਿਆਂ ਵਾਲੇ ਐਕਸ਼ਨ ਪਲਾਨ ਦੀ ਪਾਲਣਾ ਨੂੰ ਲੈ ਕੇ ਮੁਲਕ ਦੇ ਦਾਅਵਿਆਂ ਦੀ ਤਸਦੀਕ ਕੀਤੀ ਗਈ ਸੀ। -ਪੀਟੀਆਈ