ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਸਤੰਬਰ
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਦੀਆਂ ਚਾਰ ਕਾਪੀਆਂ (ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੋ ਸਾਂਚੀ ਸਾਹਿਬ) ਨੂੰ ਭਾਰਤ ਲਿਜਾਣ ਤੋਂ ਰੋਕ ਦਿੱਤਾ ਹੈ। ਇਹ ਲਿਖਤਾਂ 11 ਸਤੰਬਰ ਨੂੰ ਨਵੀਂ ਦਿੱਲੀ ਆਏ 60 ਅਫ਼ਗਾਨ ਸਿੱਖਾਂ ਦੇ ਇੱਕ ਜਥੇ ਨਾਲ ਭਾਰਤ ਲਿਆਂਦੀਆਂ ਜਾਣੀਆਂ ਸਨ। ਜਾਣਕਾਰੀ ਮਿਲੀ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਅਧਿਕਾਰਤ ਮਨਜ਼ੂਰੀ ਨਾ ਮਿਲਣ ਕਾਰਨ ਗ੍ਰੰਥਾਂ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸ਼੍ਰੋਮਣੀ ਕਮੇਟੀ ਨੇ ਤਾਲਿਬਾਨ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ।