ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ/ਭੁੱਚੋ ਮੰਡੀ, 19 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਲਹਿਰਾ ਬੇਗਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆ ਨੇ ਦੱਸਿਆ ਕਿ ਖੋ-ਖੋ ਦੇ ਅੰਡਰ 17 ਸਾਲ ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਲਹਿਰਾ ਬੇਗਾ ਸਕੂਲ ਦੀਆਂ ਲੜਕੀਆਂ ਨੇ ਨਥਾਣਾ ਬਲਾਕ ਵੱਲੋਂ ਖੇਡਦਿਆਂ ਬਲਾਕ ਬਠਿੰਡਾ-1 ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਲੜਕੇ ਅੰਡਰ-14 ਨੇ ਨਥਾਣਾ ਬਲਾਕ ਵੱਲੋਂ ਖੇਡਦਿਆਂ ਬਲਾਕ ਗੋਨਿਆਨਾ ਨੂੰ ਚਿੱਤ ਕੀਤਾ। ਆਰਚਰੀ ਟੀਮ ਅੰਡਰ-14 ਲੜਕੇ ਰੀਕਰਵ ਅਤੇ ਬੈਂਬੂ ਇੰਡੀਅਨ ਰਾਊਂਡ ਵਿੱਚ ਅਤੇ ਅੰਡਰ-14 ਲੜਕੀਆਂ ਨੇ ਟੇਬਲ ਟੈਨਿਸ ਵਿੱਚ ਜ਼ਿਲ੍ਹਾ ਪੱਧਰੀ ਜਿੱਤ ਹਾਸਲ ਕੀਤੀ। ਆਰਚਰੀ ਅਤੇ ਟੇਬਲ ਟੈਨਿਸ ਟੀਮਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ।
ਟੱਲੇਵਾਲ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਖਿਡਾਰਨਾਂ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅਹਿਮ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਸੰਸਥਾ ਦੇ ਪ੍ਰਿੰਸੀਪਲ ਡਾ. ਹਰਬੰਸ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸੰਸਥਾ ਦੀ ਅੰਡਰ-17 ਹਾਕੀ ਦੀ ਟੀਮ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਹਾਕੀ ਦੀ ਅੰਡਰ-21 ਟੀਮ ਦੂਸਰੇ ਸਥਾਨ ‘ਤੇ ਰਹੀ। ਵਾਲੀਬਾਲ ਵਿੱਚ ਅੰਡਰ-17 ਟੀਮ ਨੇ ਦੂਸਰਾ ਅਤੇ ਅੰਡਰ-21 ਨੇ ਤੀਸਰਾ ਸਥਾਨ ਹਾਸਲ ਕੀਤਾ। ਜ਼ੈਵਲਿਨ ਥਰੋਅ (ਅੰਡਰ-17) ਵਿੱਚ ਕਾਲਜ ਦੀਆਂ ਖਿਡਾਰਨਾਂ ਵਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।
ਹੈਂਡਬਾਲ ਦੇ ਮੁਕਾਬਲੇ ਜੀਟੀਬੀ ਸਕੂਲ ਨੇ ਜਿੱਤੇ
ਮਲੋਟ (ਨਿੱਜੀ ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਹੋੲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਲੜਕੀਆਂ ਦੀ ਹੈਂਡਬਾਲ ਅੰਡਰ-17 ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।