ਟੋਰਾਂਟੋ: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮਿਲਟਨ ਵਿਚ ਪਿਛਲੇ ਸੋਮਵਾਰ ਵਾਪਰੀ ਗੋਲੀਬਾਰੀ ਦੀ ਘਟਨਾ ‘ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਪੁਲੀਸ ਕਾਂਸਟੇਬਲ ਸਣੇ ਦੋ ਜਣਿਆਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਖੇਤਰੀ ਪੁਲੀਸ ਨੇ ਦੱਸਿਆ ਕਿ ਸਤਵਿੰਦਰ ਦੀ ਮੌਤ ਹੈਮਿਲਟਨ ਜਨਰਲ ਹਸਪਤਾਲ ਵਿਚ ਹੋਈ ਹੈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਤੇ ਦੋਸਤ ਮੌਜੂਦ ਸਨ। ਸਤਵਿੰਦਰ ਭਾਰਤ ਤੋਂ ਕੈਨੇਡਾ ਵਿਦਿਆਰਥੀ ਵੀਜ਼ਾ ‘ਤੇ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਐਮਕੇ ਆਟੋ ਰਿਪੇਅਰਜ਼ ‘ਤੇ ਕੰਮ ਕਰ ਰਿਹਾ ਸੀ। ਗੋਲੀਬਾਰੀ ਵੇਲੇ ਉਹ ਉੱਥੇ ਹੀ ਕੰਮ ਕਰ ਰਿਹਾ ਸੀ। ਪੁਲੀਸ ਨੇ ਪੀੜਤ ਪਰਿਵਾਰ ਤੇ ਭਾਰਤੀ ਭਾਈਚਾਰੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਪਿਛਲੇ ਸੋਮਵਾਰ ਨੂੰ ਹੋਈ ਗੋਲੀਬਾਰੀ ‘ਚ ਟੋਰਾਂਟੋ ਪੁਲੀਸ ਦੇ ਕਾਂਸਟੇਬਲ ਐਂਡਰਿਊ ਹੌਂਗ (48) ਤੇ ਸ਼ਕੀਲ ਅਸ਼ਰਫ਼ (38) ਦੀ ਮੌਤ ਹੋ ਗਈ ਸੀ। ਅਸ਼ਰਫ਼ ਮਕੈਨਿਕ ਸੀ ਤੇ ਐਮਕੇ ਆਟੋ ਰਿਪੇਅਰਜ਼ ਦਾ ਮਾਲਕ ਵੀ ਸੀ। ਬੰਦੂਕਧਾਰੀ ਦੀ ਸ਼ਨਾਖ਼ਤ 40 ਸਾਲਾ ਸ਼ੌਨ ਪੇਟਰੀ ਵਜੋਂ ਹੋਈ ਹੈ। ਹੈਮਿਲਟਨ ਵਿਚ ਮਗਰੋਂ ਪੁਲੀਸ ਨੇ ਉਸ ਨੂੰ ਹਲਾਕ ਕਰ ਦਿੱਤਾ ਸੀ। ਹੈਮਿਲਟਨ ਹਸਪਤਾਲ ਵਿਚ ਸਤਵਿੰਦਰ ਨੂੰ ਜੀਵਨ ਰੱਖਿਅਕ ਪ੍ਰਣਾਲੀ ‘ਤੇ ਰੱਖਿਆ ਗਿਆ ਸੀ। ਮ੍ਰਿਤਕ ਦੀ ਰਿਸ਼ਤੇਦਾਰ ਸਰਬਜੋਤ ਕੌਰ ਨੇ ਕਿਹਾ ਕਿ ਸਤਵਿੰਦਰ ਦੇ ਪਿਤਾ ਦੁਬਈ ਤੋਂ ਇੱਥੇ ਆਏ ਹਨ। ਉਹ ਦੁਬਈ ਵਿਚ ਟਰੱਕ ਡਰਾਈਵਰ ਹਨ ਤੇ ਕਰੋਨਾ ਤੋਂ ਪਹਿਲਾਂ ਦੇ ਆਪਣੇ ਪੁੱਤਰ ਨੂੰ ਮਿਲੇ ਹੋਏ ਸਨ। ਪੁਲੀਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਕੁਝ ਸਮੇਂ ਲਈ ਐਮਕੇ ਆਟੋ ਰਿਪੇਅਰਜ਼ ‘ਤੇ ਕੰਮ ਕਰ ਚੁੱਕਾ ਸੀ। ਭਾਰਤੀ ਵਿਦਿਆਰਥੀ ਦੀ ਮਦਦ ਲਈ ‘ਗੋਫੰਡਮੀ’ ਆਨਲਾਈਨ ਪੇਜ ‘ਤੇ ਇਕ ਮੁਹਿੰਮ ਵੀ ਆਰੰਭੀ ਗਈ ਸੀ। -ਪੀਟੀਆਈ