ਕੀਵ, 19 ਸਤੰਬਰ
ਰੂਸ ਵੱਲੋਂ ਦਾਗੀ ਗਈ ਇਕ ਮਿਜ਼ਾਈਲ ਅੱਜ ਯੂਕਰੇਨ ਦੇ ਦੱਖਣੀ ਹਿੱਸੇ ਵਿਚ ਪਰਮਾਣੂ ਊਰਜਾ ਪਲਾਂਟ ਦੇ ਨੇੜੇ ਡਿੱਗੀ। ਹਾਲਾਂਕਿ ਪਲਾਂਟ ਦੇ ਰਿਐਕਟਰਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਵੇਰਵਿਆਂ ਮੁਤਾਬਕ ਹੋਰਨਾਂ ਉਦਯੋਗਿਕ ਉਪਕਰਨਾਂ ਦਾ ਨੁਕਸਾਨ ਹੋਇਆ ਹੈ। ਯੂਕਰੇਨ ਨੇ ਇਸ ਨੂੰ ‘ਪਰਮਾਣੂ ਅਤਿਵਾਦ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹਾਲ ਹੀ ਵਿਚ ਅਹਿਮ ਯੂਕਰੇਨੀ ਢਾਂਚਿਆਂ ‘ਤੇ ਹਮਲੇ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਸੀ। ਪਿਛਲੇ ਕੁਝ ਦਿਨਾਂ ਦੌਰਾਨ ਯੂਕਰੇਨੀ ਸੈਨਿਕਾਂ ਨੇ ਰੂਸੀ ਫ਼ੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ। ਯੂਕਰੇਨੀ ਅਧਿਕਾਰੀਆਂ ਮੁਤਾਬਕ ਮਿਜ਼ਾਈਲ ਪਲਾਂਟ ਤੋਂ ਸਿਰਫ਼ 300 ਮੀਟਰ ਦੂਰ ਡਿੱਗੀ ਹੈ। ਰੱਖਿਆ ਮੰਤਰਾਲੇ ਨੇ ਇਸ ਦੀ ਇਕ ਵੀਡੀਓ ਵੀ ਰਿਲੀਜ਼ ਕੀਤੀ ਹੈ। ਹਮਲਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ। ਜ਼ਾਪੋਰੀਜ਼ਜ਼ਿਆ ਪਲਾਂਟ ਤੋਂ ਬਾਅਦ ਇਹ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ। ਰੂਸ ਨੇ ਜ਼ਾਪੋਰੀਜ਼ਜ਼ਿਆ ਪਲਾਂਟ ‘ਤੇ ਜੰਗ ਲੱਗਣ ਦੇ ਕੁਝ ਦਿਨਾਂ ਅੰਦਰ ਹੀ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਹੈ ਤੇ ਰੇਡੀਐਸ਼ਨ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। -ਏਪੀ