ਮਾਸਕੋ, 26 ਸਤੰਬਰ
ਮੱਧ ਰੂਸ ਵਿੱਚ ਅੱਜ ਸਵੇਰੇ ਇਕ ਬੰਦੂਕਧਾਰੀ ਨੇ ਇੱਕ ਸਕੂਲ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ 13 ਜਣਿਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋਏ ਹਨ। ਰੂਸ ਦੀ ਜਾਂਚ ਕਮੇਟੀ ਨੇ ਆਨਲਾਈਨ ਜਾਰੀ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਦੀ ਘਟਨਾ ਉਦਮੁਰਤੀਆ ਦੀ ਰਾਜਧਾਨੀ ਇਜ਼ੇਵਸਕ ਦੇ ਇੱਕ ਸਕੂਲ ਵਿੱਚ ਵਾਪਰੀ। ਇਜ਼ੇਵਸਕ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ ਲਗਪਗ 960 ਕਿਲੋਮੀਟਰ ਵਿੱਚ ਸਥਿਤ ਹੈ। ਕਮੇਟੀ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ 14 ਬੱਚੇ ਤੇ 7 ਬਾਲਗ ਸ਼ਾਮਲ ਹਨ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇੱਕ ਵੀਡੀਓ ‘ਚ ਕਿਹਾ ਕਿ ਅਣਪਛਾਤੇ ਬੰਦੂਕਧਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਕੂਲ ਵਿੱਚ ਹਮਲਾ ਹੋਇਆ ਹੈ ਉੱਥੇ ਪਹਿਲੀ ਤੋਂ 11ਵੀਂ ਜਮਾਤ ਤੱਕ ਦੇ ਵਿਦਿਆਰਥੀ ਪੜ੍ਹਦੇ ਹਨ। ਅਧਿਕਾਰੀ ਨੇ ਦੱਸਿਆ ਕਿ ਸਕੂਲ ਨੂੰ ਖਾਲੀ ਕਰਵਾ ਲਿਆ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਕਮੇਟੀ ਨੇ ਦੱਸਿਆ ਕਿ ਬੰਦੂੁਕਧਾਰੀ ਹਮਲਾਵਰ ਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ ‘ਤੇ ”ਨਾਜ਼ੀ ਚਿੰਨ੍ਹ’ ਬਣੇ ਸਨ। ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਹਮਲਾਵਰ ਕੌਣ ਸੀ ਅਤੇ ਉਸ ਦਾ ਇਰਾਦਾ ਕੀ ਸੀ। -ਏਪੀ