ਨਵੀਂ ਦਿੱਲੀ, 26 ਸਤੰਬਰ
ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਸਰਕਾਰ ਨੇ 10 ਯੂ-ਟਿਊਬ ਚੈਨਲਾਂ ‘ਤੇ ਪਈਆਂ ਵੀਡੀਓਜ਼ ਬਲਾਕ ਕਰ ਦਿੱਤੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਫ਼ਰਜ਼ੀ ਖ਼ਬਰਾਂ ਅਤੇ ਹੋਰ ਛੇੜਛਾੜ ਕੀਤੀ ਸਮੱਗਰੀ ਸੀ।
ਇਕ ਅਧਿਕਾਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਬਲਾਕ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਦੇ 1.30 ਕਰੋੜ ਤੋਂ ਵੱਧ ਦਰਸ਼ਕ ਸਨ। ਇਨ੍ਹਾਂ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਨੇ ਕੁਝ ਫਿਰਕਿਆਂ ਦੇ ਧਾਰਮਿਕ ਹੱਕ ਖੋਹ ਲਏ ਹਨ। ਸ੍ਰੀ ਠਾਕੁਰ ਨੇ ਕਿਹਾ, ”ਇਨ੍ਹਾਂ ਚੈਨਲਾਂ ਵਿੱਚ ਅਜਿਹੀ ਸਮੱਗਰੀ ਸੀ ਜਿਨ੍ਹਾਂ ਨਾਲ ਫਿਰਕਿਆਂ ਵਿੱਚ ਡਰ ਤੇ ਗਲਤਫਹਿਮੀ ਪੈਦਾ ਹੋਵੇ।” ਸਰਕਾਰੀ ਬਿਆਨ ਮੁਤਾਬਕ ਕੌਮੀ ਸੁਰੱਖਿਆ ਅਤੇ ਭਾਰਤ ਦੇ ਹੋਰ ਮੁਲਕਾਂ ਨਾਲ ਦੋਸਤਾਨਾ ਸਬੰਧਾਂ ਦੇ ਨਜ਼ਰੀਏ ਨਾਲ ਵੀਡੀਓਜ਼ ਦੀ ਸਮੱਗਰੀ ਗਲਤ ਤੇ ਸੰਵੇਦਨਸ਼ੀਲ ਪਾਈ ਗਈ। ਵੀਡੀਓਜ਼ ਬਲਾਕ ਕਰਨ ਦੇ ਇਹ ਹੁਕਮ 23 ਸਤੰਬਰ ਨੂੰ ਸੂਚਨਾ ਤਕਨਾਲੋਜੀ (ਵਿਚੋਲੋ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਦੇ ਪ੍ਰਬੰਧਾਂ ਅਧੀਨ ਜਾਰੀ ਕੀਤੇ ਗਏ ਹਨ। -ਪੀਟੀਆਈ