ਭੁਬਨੇਸ਼ਵਰ, 27 ਸਤੰਬਰ
ਭਾਰਤ ਵੱਲੋਂ ਉੜੀਸਾ ਵਿੱਚ ਅਗਲੇ ਸਾਲ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਸਪੇਨ ਖ਼ਿਲਾਫ਼ ਹੋਣ ਵਾਲੇ ਮੈਚ ਨਾਲ ਕੀਤੀ ਜਾਵੇਗੀ। ਭਾਰਤ ਨੂੰ ਯੂਰੋਪ ਦੀਆਂ ਮਜ਼ਬੂਤ ਟੀਮਾਂ ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਪੂਲ ‘ਡੀ’ ਵਿੱਚ ਰੱਖਿਆ ਗਿਆ ਹੈ। ਮੇਜ਼ਬਾਨ ਟੀਮ ਆਪਣਾ ਪਹਿਲਾ ਮੈਚ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ 13 ਜਨਵਰੀ ਨੂੰ ਸ਼ਾਮ ਸੱਤ ਵਜੇ ਸਪੇਨ ਖ਼ਿਲਾਫ਼ ਖੇਡੇਗੀ। ਵਿਸ਼ਵ ਕੱਪ ਦੀ ਸ਼ੁਰੂਆਤ ਅਰਜਨਟੀਨਾ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦਰਮਿਆਨ ਦੁਪਹਿਰ ਇੱਕ ਵਜੇ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਵਿਸ਼ਵ ਕੱਪ ਵਿੱਚ 16 ਟੀਮਾਂ ਭਾਗ ਲੈ ਰਹੀਆਂ ਹਨ। ਬੀਤੀ ਅੱਠ ਸਤੰਬਰ ਨੂੰ ਕੱਢੇ ਡਰਾਅ ਮੁਤਾਬਕ ਇਨ੍ਹਾਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ; ਪੂਲ ‘ਬੀ’ ਵਿੱਚ ਬੈਲਜੀਅਮ, ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ, ਜਦੋਂਕਿ ਪੂਲ ‘ਸੀ’ ਵਿੱਚ ਨੀਦਰਲੈਂਡਜ਼, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿੱਲੀ ਨੂੰ ਰੱਖਿਆ ਗਿਆ ਹੈ। ਇਸ ਦੌਰਾਨ ਕੁੱਲ 44 ਮੈਚ ਹੋਣਗੇ ਅਤੇ ਫਾਈਨਲ 29 ਜਨਵਰੀ 2023 ਨੂੰ ਸ਼ਾਮ ਸੱਤ ਵਜੇ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਬੈਲਜੀਅਮ ਆਪਣੀ ਮੁਹਿੰਮ ਦਾ ਆਗਾਜ਼ 14 ਜਨਵਰੀ ਨੂੰ ਦੱਖਣੀ ਕੋਰੀਆ ਖ਼ਿਲਾਫ਼ ਕਰੇਗੀ। -ਆਈਏਐੱਨਐੱਸ