ਲਖਨਊ, 27 ਸਤੰਬਰ
ਸਮਾਜਵਾਦੀ ਪਾਰਟੀ (ਸਪਾ) ਆਗੂ ਅਖਿਲੇਸ਼ ਯਾਦਵ ਦੇ ਵੀਰਵਾਰ ਨੂੰ ਇੱਥੇ ਹੋਣ ਵਾਲੀ ਪਾਰਟੀ ਕਨਵੈਨਸ਼ਨ ਵਿੱਚ ਲਗਾਤਾਰ ਤੀਜੀ ਵਾਰ ਕੌਮੀ ਪ੍ਰਧਾਨ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ। ਸਪਾ ਦੀ ਇਸ ਕਨਵੈਨਸ਼ਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਅਤੇ ਸੂਬੇ ਦੀਆਂ ਸਥਾਨਕ ਨਿਗਮ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਨੇ ਅੱਜ ਦੱਸਿਆ ਕਿ ਇਸ ਤੋਂ ਪਹਿਲਾਂ ਸਪਾ ਦੀ ਬੁੱਧਵਾਰ ਨੂੰ ਇੱਥੇ ਸੂਬਾ ਪੱਧਰੀ ਕਨਵੈਨਸ਼ਨ ਵੀ ਕਰਵਾਉਣ ਦੀ ਯੋਜਨਾ ਹੈ। ਕਨਵੈਨਸ਼ਨ ਦੌਰਾਨ ਅਗਾਮੀ ਸਥਾਨਕ ਨਿਗਮ ਚੋਣਾਂ ਅਤੇ ਲੋਕ ਸਭਾ ਚੋਣਾਂ ਨਾਲ ਸਬੰਧਿਤ ਅਹਿਮ ਮੁੱਦਿਆਂ ਬਾਰੇ ਰਣਨੀਤੀ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਸਪਾ ਦੀ ਕੌਮੀ ਕਨਵੈਨਸ਼ਨ ਵਿੱਚ ਭਾਜਪਾ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਬਾਰੇ ਵੀ ਚਰਚਾ ਕੀਤੀ ਜਾਵੇਗੀ ਕਿਉਂਕਿ ਉਹ ਉਤਰ ਪ੍ਰਦੇਸ਼ ਵਿੱਚ ਹਰੇਕ ਚੋਣ ਨਾਲ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਸਪਾ ਸਾਲ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਈ ਸੀ। ਇਸ ਤੋਂ ਸਬਕ ਲੈਂਦਿਆਂ ਸਪਾ ਲੀਡਰਸ਼ਿਪ ਨਵੰਬਰ-ਦਸੰਬਰ ਵਿੱਚ ਹੋਣ ਵਾਲੀਆਂ ਸ਼ਹਿਰੀ ਨਿਗਮ ਦੀਆਂ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦੀ ਨੂੰ ਮੁੜ ਸਰਗਰਮ ਕਰਨ ‘ਤੇ ਕੰਮ ਕਰ ਰਹੀ ਹੈ। -ਪੀਟੀਆਈ