ਕੋਯਾ (ਇਰਾਕ): ਇਰਾਨ ਨੇ ਉੱਤਰੀ ਇਰਾਕ ਸਥਿਤ ਕੁਰਦ ਗੁੱਟਾਂ ਦੇ ਟਿਕਾਣਿਆਂ ‘ਤੇ ਨਵੇਂ ਸਿਰੇ ਤੋਂ ਡਰੋਨਾਂ ਨਾਲ ਹਮਲਿਆਂ ਦੀ ਸ਼ੁਰੂਆਤ ਕੀਤੀ। ਇਹ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਇਰਾਨ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਮਲਿਆਂ ਵਿੱਚ 9 ਵਿਅਕਤੀ ਮਾਰੇ ਗਏ ਜਦਕਿ 32 ਹੋਰ ਜ਼ਖ਼ਮੀ ਹੋ ਗਏ। ਡੈਮੋਕਰੈਟਿਕ ਪਾਰਟੀ ਆਫ਼ ਇਰਾਨੀ ਕੁਰਦਿਸਤਾਨ ਦੇ ਮੈਂਬਰ ਸੋਰਾਨ ਨੂਰੀ ਨੇ ਦੱਸਿਆ ਕਿ ਇਰਾਨ ਵੱਲੋਂ ਬੁੱਧਵਾਰ ਤੜਕੇ ਹਮਲੇ ਕੀਤੇ ਗਏ ਜੋ ਇਰਬਿਲ ਤੋਂ 60 ਕਿਲੋਮੀਟਰ ਦੂਰ ਕੋਯਾ ਵੱਲ ਕੇਂਦਰਿਤ ਸਨ। ਰੈਵੋਲਿਊਸ਼ਨਰੀ ਗਾਰਡ ਨੇ ਉੱਤਰੀ ਇਰਾਕ ‘ਚ ਵੱਖਵਾਦੀ ਗੁੱਟਾਂ ਦੇ ਕੁਝ ਟਿਕਾਣਿਆਂ ਨੂੰ ਮਿਜ਼ਾਈਲਾਂ ਤੇ ਡਰੋਨ ਨਾਲ ਨਿਸ਼ਾਨਾ ਬਣਾਇਆ। -ਏਪੀ
ਮੁਜ਼ਾਹਰਾਕਾਰੀਆਂ ‘ਤੇ ਗ਼ੈਰਜ਼ਰੂਰੀ ਤਾਕਤ ਨਾ ਵਰਤੇ ਇਰਾਨ: ਸੰਯੁਕਤ ਰਾਸ਼ਟਰ
ਦੁਬਈ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਇਰਾਨ ਨੂੰ ਮੁਜ਼ਾਹਰਾਕਾਰੀਆਂ ‘ਤੇ ‘ਗ਼ੈਰਜ਼ਰੂਰੀ ਤਾਕਤ’ ਨਾ ਵਰਤਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇਰਾਨ ‘ਚ ਹਿਰਾਸਤ ਵਿਚ ਇਕ ਲੜਕੀ ਦੀ ਮੌਤ ਤੋਂ ਬਾਅਦ ਵੱਡੇ ਪੱਧਰ ਉਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਇਰਾਨ ਨੇ ਤਾਕਤ ਵਰਤੀ ਹੈ ਜਿਸ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਅੰਤੋਨੀਓ ਗੁਟੇਰੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਸਕੱਤਰ ਜਨਰਲ ਨੇ ਮਾਹਸਾ ਅਮੀਨੀ ਦੀ ਮੌਤ ਦੀ ਜਾਂਚ ਮੰਗੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਾਂਚ ਆਜ਼ਾਦਾਨਾ ਅਥਾਰਿਟੀ ਤੋਂ ਕਰਵਾਈ ਜਾਣੀ ਚਾਹੀਦੀ ਹੈ। -ਏਪੀ