ਚੇਂਗਦੂ: ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅੱਜ ਜੀ ਸਾਥੀਆਨ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਕਜ਼ਾਖਸਤਾਨ ਨੂੰ 3-2 ਨਾਲ ਹਰਾ ਕੇ ਨਾਕਆਊਟ ਪੜਾਅ ਵਿੱਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ ਹੈ। ਮਹਿਲਾ ਟੀਮ ਨੇ ਵੀ ਜਰਮਨੀ ਤੋਂ ਮਿਲੀ ਹਾਰ ਤੋਂ ਉਭਰ ਕੇ ਮਿਸਰ ਨੂੰ 3-1 ਨਾਲ ਹਰਾਉਂਦਿਆਂ ਪ੍ਰੀ-ਕੁਆਰਟਰ ਫਾਈਨਲ ਲਈ ਜਗ੍ਹਾ ਪੱਕੀ ਕੀਤੀ। ਜਰਮਨੀ ਨੂੰ ਹਰਾਉਣ ਤੋਂ ਬਾਅਦ ਸਾਥੀਆਨ ਨੇ ਕਜ਼ਾਖਸਤਾਨ ਦੇ ਡੇਨਿਸ ਜੋਲੂਦੇਵ ਨੂੰ 11-1, 11-9, 11-5 ਨਾਲ ਹਰਾਇਆ। ਹਾਲਾਂਕਿ ਅਗਲੇ ਮੈਚ ਵਿੱਚ ਕਿਰਿਲ ਗੇਰਾਸਿਮੇਂਕੋ ਨੇ ਹਰਮੀਤ ਦੇਸਾਈ ਨੂੰ 11-6, 11-8, 11-9 ਨਾਲ ਹਰਾ ਦਿੱਤਾ। ਇਸ ਮਗਰੋਂ ਮਾਨਵ ਠੱਕਰ ਨੇ ਐਲਨ ਕੁਰਮੰਗਲੀਏਵ ਨੂੰ 12-10, 11-1, 11-8 ਨਾਲ ਹਰਾ ਕੇ ਟੀਮ ਨੂੰ 2-1 ਨਾਲ ਲੀਡ ਦਿਵਾਈ। ਚੌਥੇ ਮੈਚ ਵਿੱਚ ਸਾਥੀਆਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਆਖਰੀ ਮੈਚ ਵਿੱਚ ਹਰਮੀਨ ਨੇ ਜੋਲੂਦੇਵ ਨੂੰ 12-10, 11-9, 11-6 ਨਾਲ ਹਰਾ ਕੇ ਟੀਮ ਨੂੰ ਜਿੱਤ ਦਿਵਾਈ। ਮਹਿਲਾ ਮੁਕਾਬਲੇ ਵਿੱਚ ਸ੍ਰੀਜਾ ਅਕੁਲਾ ਨੇ ਮਿਸਰ ਖ਼ਿਲਾਫ਼ ਪਹਿਲਾ ਅਤੇ ਚੌਥਾ ਮੈਚ ਜਿੱਤ ਕੇ ਭਾਰਤ ਦੀ ਨਾਕਆਊਟ ਵਿੱਚ ਥਾਂ ਪੱਕੀ ਕੀਤੀ। ਜਰਮਨੀ ਖ਼ਿਲਾਫ਼ ਮਾੜੇ ਪ੍ਰਦਰਸ਼ਨ ਤੋਂ ਬਾਅਦ ਮਨਿਕਾ ਬੱਤਰਾ ਨੇ ਇਹ ਮੁਕਾਬਲਾ ਜਿੱਤ ਲਿਆ ਪਰ ਚਿਤਾਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ