ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 11 ਅਕਤੂਬਰ
ਇਥੋਂ ਦੇ ਪਿੰਡ ਬਿਜ਼ਨਪੁਰ ਵਿੱਚ ਗੁੱਜਰ ਸਪੋਰਟਸ ਐਂਡ ਵੈੱਲਫੇਅਰ ਵੱਲੋਂ 16ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਦੌਰਾਨ 24 ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚੋਂ ਮਨਾਨਾ ਪੰਜਾਬ ਦੀ ਟੀਮ ਨੇ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਉਥੇ ਹੀ ਫਰਮਾਨਾ ਹਰਿਆਣਾ ਦੀ ਟੀਮ ਦੂਜੇ ਸਥਾਨ ‘ਤੇ ਰਹੀ। 65 ਕਿੱਲੋ ਭਾਰ ਕਬੱਡੀ ਮੁਕਾਬਲੇ ਵਿੱਚ ਬਿਜ਼ਨਪੁਰ-ਏ ਦੀ ਟੀਮ ਪਹਿਲੇ ਅਤੇ ਬਿਜ਼ਨਪੁਰ ਦੀ ਬੀ ਟੀਮ ਨੇ ਦੂਜੇ ਸਥਾਨ ‘ਤੇ ਰਹੀ। ਬੈਸਟ ਰੇਡਰ ਸ਼ੰਟੀ ਘਰਾਚੋਂ ਅਤੇ ਬੈਸਟ ਜਾਫ਼ੀ ਸਚਿਨ ਗਲੋਲੀ ਰਹੇ। ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਗੁੱਜਰ ਬਰਾਦਰੀ ਦੇ ਪਿੰਡਾਂ ਵਿੱਚ ਛੇਤੀ ਇਕ ਸਟੇਡੀਅਮ ਦੀ ਉਸਾਰੀ ਕਰਵਾਈ ਜਾਏਗੀ। ਕਬੱਡੀ ਕੱਪ ਦੇ ਪ੍ਰਬੰਧਕ ਅਸ਼ੋਕ ਕੁਮਾਰ, ਬਲਕਾਰ ਸਿੰਘ ਅਤੇ ਬਿੱਲਾ ਗੁੱਜਰ ਵੱਲੋਂ ਵਿਧਾਇਕ ਸ੍ਰੀ ਰੰਧਾਵਾ ਦਾ ਸਨਮਾਨ ਕੀਤਾ ਗਿਆ।
ਹਰਕੁੰਵਰ ਟੇਬਿਲ ਟੈਨਿਸ ਟੀਮ ਦਾ ਕਪਤਾਨ ਬਣਿਆ ਕਪਤਾਨ
ਬਨੂੜ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਚੰਗੇਰਾ ਦੇ ਸਮਾਜ ਸੇਵੀ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ ਅਤੇ ਰਵਿੰਦਰ ਸਿੰਘ ਦਾ 16 ਸਾਲਾ ਪੁੱਤਰ ਹਰਕੁੰਵਰ ਸਿੰਘ ਟੇਬਿਲ ਟੈਨਿਸ ਦੇ ਅੰਡਰ 17 ਸਾਲਾ ਵਰਗ ਲਈ ਪੰਜਾਬ ਰਾਜ ਦੀ ਨੁਮਾਇੰਦਿਗੀ ਕਰੇਗਾ। ਪੰਜਾਬ ਟੇਬਿਲ ਟੈਨਿਸ ਐਸੋਸੀਏਸ਼ਨ ਵੱਲੋਂ 7 ਤੋਂ 9 ਅਕਤੂਬਰ ਤੱਕ ਖੰਨਾ ਵਿੱਚ ਕਰਾਈ ਗਈ ਚੌਥੀ ਪੰਜਾਬ ਸਟੇਟ ਰੈਕਿੰਗ ਵਿੱਚ ਹਰਕੁੰਵਰ ਨੇ 17 ਸਾਲਾ ਵਰਗ ਵਿੱਚ ਲਗਾਤਾਰ ਚੌਥੀ ਵਾਰ ਆਪਣੀ ਪਹਿਲੀ ਪੁਜ਼ੀਸ਼ਨ ਬਰਕਰਾਰ ਰੱਖਦਿਆਂ ਸੋਨੇ ਦਾ ਤਗਮਾ ਜਿੱਤਿਆ ਅਤੇ ਪੰਜਾਬ ਦੀ ਟੀਮ ਦੀ ਕਪਤਾਨੀ ਆਪਣੇ ਨਾਂ ਕਰ ਲਈ। ਹਰਕੁੰਵਰ ਨੇ 19 ਸਾਲਾ ਵਰਗ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਅਤੇ ਇਸ ਵਰਗ ਵਿੱਚ ਵੀ ਪੰਜਾਬ ਦੀ ਟੀਮ ਵਿੱਚ ਆਪਣੀ ਸ਼ਮੂਲੀਅਤ ਪੱਕੀ ਕਰ ਲਈ।