ਨਵੀਂ ਦਿੱਲੀ, 15 ਅਕਤੂਬਰ
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਨਾਗਪੁਰ ਵਿਚਲੇ ਆਰਐਸਐਸ ਦੇ ਮੁੱਖ ਦਫ਼ਤਰ ਦਾ ਆਪਣਾ ਦੌਰਾ ਇਸ ਲਈ ਰੱਦ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਚੌਕਸ ਕੀਤਾ ਸੀ ਜੇ ਉਹ ਉਥੇ ਗਏ ਤਾਂ ਉਨ੍ਹਾਂ ਦਾ ਅਕਸ ‘ਸੰਘ ਨਾਲ ਹਮਦਰਦੀ’ ਰੱਖਣ ਵਾਲੇ ਦਾ ਬਣ ਜਾਵੇਗਾ। ਕਲਾਮ ਦੇ ਜੀਵਨ ‘ਤੇ ਅਧਾਰਤ ਨਵੀਂ ਪੁਸਤਕ ‘ਕਲਾਮ: ਦਿ ਅਨਟੋਲਡ ਸਟੋਰੀ’ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਕਿਤਾਬ ਉਨ੍ਹਾਂ ਦੇ ਨਿਜੀ ਸਕੱਤਰ ਰਹੇ ਆਰ ਕੇ ਪ੍ਰਸਾਦ ਨੇ ਲਿਖੀ ਹੈ। ਉਨ੍ਹਾਂ ਆਪਣੀ ਇਸ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਇਸ ਦੌਰੇ ਬਾਰੇ ਕਲਾਮ ਦੀ ਦੁਚਿੱਤੀ ਨੇ ‘ਆਰਐੱਸਐੱਸ’ ਨੇਤਾਵਾਂ ਨੂੰ ਨਾਰਾਜ਼ ਕਰ ਦਿੱਤਾ ਸੀ ਕਿਉਂਕਿ ਸੰਘ ਨੇ ਇਸ ਦੀ ਪੂਰੀ ਤਿਆਰੀ ਕੀਤੀ ਸੀ ਅਤੇ ਉਨ੍ਹਾਂ ਕਲਾਮ ਦੇ ਇਸ ਦੌਰੇ ਦਾ ਪ੍ਰਚਾਰ ਵੀ ਕੀਤਾ ਸੀ। ਕਲਾਮ ਨੇ ਅਖੀਰ ਇਕ ਮਹੀਨੇ ਬਾਅਦ ਆਰਐੱਸਐੱਸ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਸੀ। –ਏਜੰਸੀ