ਕੋਲਕਾਤਾ, 17 ਅਕਤੂਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੂਲੀ ਨੂੰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਵਜੋਂ ਦੂਜਾ ਕਾਰਜਕਾਲ ਨਾ ਦੇਣ ਤੋਂ ਹੈਰਾਨ ਹਨ। ਇਥੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਖ਼ਲ ਮੰਗਣਗੇ ਤਾਂ ਕਿ ਗਾਂਗੂਲੀ ਨੂੰ ਆਈਸੀਸੀ ਮੁਖੀ ਦੀ ਚੋਣ ਲੜਨ ਦੀ ਖੁੱਲ੍ਹ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ, ”ਸੌਰਵ ਨੇ ਯੋਗ ਪ੍ਰਸ਼ਾਸਕ ਵਜੋਂ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ਅਤੇ ਮੈਂ ਉਸਨੂੰ ਬੀਸੀਸੀਆਈ ਦੇ ਅਹੁਦੇ ਤੋਂ ਹਟਾਏ ਜਾਣ ਕਰ ਕੇ ਹੈਰਾਨ ਹਾਂ। ਇਹ ਉਸ ਨਾਲ ਧੱਕਾ ਕਰਨ ਵਾਂਗ ਹੈ।” ਬੈਨਰਜੀ ਨੇ ਕਿਹਾ ਕਿ ਇਸ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। -ਪੀਟੀਆਈ