ਜੰਮੂ, 21 ਅਕਤੂਬਰ
ਕਾਂਗਰਸ ਨੇ ‘ਖੁੱਲ੍ਹੀ’ ਵੋਟਿੰਗ ਪ੍ਰਕਿਰਿਆ ਦਾ ਵਿਰੋਧ ਕਰਦਿਆਂ ਜੰਮੂ ਮਿਉਂਸਿਪਲ ਕਾਰਪੋਰੇਸ਼ਨ (ਜੇਐੱਮਸੀ) ਦੇ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈ ਚੋਣ ਦਾ ਅੱਜ ਬਾਈਕਾਟ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਕੌਂਸਲਰ ਰਾਜਿੰਦਰ ਸ਼ਰਮਾ ਨੂੰ 57 ਵੋਟਾਂ, ਜਦੋਂਕਿ ਕਾਂਗਰਸ ਦੇ ਉਮੀਦਵਾਰ ਦਵਾਰਕਾ ਨਾਥ ਚੌਧਰੀ ਨੂੰ ਇੱਕ ਵੋਟ ਮਿਲੀ। ਇਨ੍ਹਾਂ ਦੋਵਾਂ ਅਹੁਦਿਆਂ ਲਈ ਭਾਜਪਾ ਅਤੇ ਕਾਂਗਰਸ ਦਰਮਿਆਨ ਸਿੱਧਾ ਮੁਕਾਬਲਾ ਸੀ। ਕਾਂਗਰਸੀ ਕੌਂਸਲਰਾਂ ਨੇ ਗੁਪਤ ਦੀ ਥਾਂ ਖੁੱਲ੍ਹੀ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਦਾ ਵਿਰੋਧ ਕੀਤਾ ਹੈ।
ਜੰਮੂ ਕਸ਼ਮੀਰ ਕਾਂਗਰਸ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ, ”ਗੁਪਤ ਦੀ ਥਾਂ ਖੁੱਲ੍ਹੀ ਵੋਟਿੰਗ ਕਰਵਾਉਣ ਦੀ ਪ੍ਰਕਿਰਿਆ ਗ਼ੈਰਜਮਹੂਰੀ ਹੈ। ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਸ ਪ੍ਰਕਿਰਿਆ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਸਾਡੇ ਕੌਂਸਲਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ।” ਉਨ੍ਹਾਂ ਕਿਹਾ, ”ਭਾਵੇਂ ਅਸੀਂ ਬਹੁਮਤ ਵਿੱਚ ਨਹੀਂ ਹਾਂ, ਅਸੀਂ ਮੁਕਾਬਲੇ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪਰ ਇਸ ਗ਼ੈਰਜਮਹੂਰੀ ਕਦਮ ਨੇ ਸਾਨੂੰ ਬਾਈਕਾਟ ਕਰਨ ਲਈ ਮਜ਼ਬੂਰ ਕੀਤਾ ਹੈ।” –ਪੀਟੀਆਈ