ਗਾਜ਼ੀਆਬਾਦ, 21 ਅਕਤੂਬਰ
ਇਥੋਂ ਦੀ ਪੁਲੀਸ ਨੇ ਦਿੱਲੀ ਦੀ ਔਰਤ ਦੇ ਇਸ ਦਾਅਵੇ ਨੂੰ ਮਨਘੜਤ ਕਰਦਿਆਂ ਖਾਰਜ ਕਰ ਦਿੱਤਾ ਕਿ ਪੰਜ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਅਤੇ ਤਸੱਦਦ ਢਾਹਿਆ। ਪੁਲੀਸ ਨੇ ਦਾਅਵਾ ਕੀਤਾ ਕਿ ਸਾਰੀ ਸਾਜ਼ਿਸ਼ ਜਾਇਦਾਦ ਦੇ ਝਗੜੇ ਕਾਰਨ ਰਚੀ ਗਈ ਸੀ। ਪੁਲੀਸ ਨੇ ਦੱਸਿਆ ਕਿ ਔਰਤ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਆਜ਼ਾਦ, ਅਫਜ਼ਲ ਅਤੇ ਗੌਰਵ ਵਜੋਂ ਹੋਈ ਹੈ। ਪੁਲੀਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮਾਮਲੇ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੇਰਠ ਦੇ ਇੰਸਪੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਔਰਤ ਨੂੰ ਅਗਵਾ ਕੀਤਾ ਗਿਆ ਸੀ ਜਾਂ ਗੈਰ-ਕਾਨੂੰਨੀ ਢੰਗ ਨਾਲ ਕੈਦ ਕੀਤਾ ਗਿਆ ਸੀ ਤਾਂ ਅਧਿਕਾਰੀ ਨੇ ਕਿਹਾ, ਉਹ ਆਪਣੀ ਮਰਜ਼ੀ ਨਾਲ ਕਿਸੇ ਨਿਰਧਾਰਤ ਸਥਾਨ ‘ਤੇ ਗਈ ਸੀ। ਜਾਂਚ ਦੌਰਾਨ ਫੋਨ ਚੈਟਾਂ ਦਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਕੇਸ ਨੂੰ ਜਨਤਕ ਕਰਨ ਲਈ ਵਿਅਕਤੀਆਂ ਨੂੰ ਪੈਸੇ ਵੀ ਦਿੱਤੇ ਗਏ ਸਨ। ਦੂਜੇ ਪਾਸੇ ਹਸਪਤਾਲ ਨੇ ਕਿਹਾ ਹੈ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਨਾਲ ਪੰਜ ਜਣਿਆਂ ਨੇ ਬਲਾਤਕਾਰ ਕੀਤਾ ਤੇ ਉਸ ਦੇ ਗੁਪਤ ਅੰਗ ਵਿੱਚ ਰਾਡ ਖੋਭੀ ਗਈ ਸੀ। ਇਸ ਘਟਨਾ ਦਾ ਦਿੱਲੀ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਸੀ ਤੇ ਪੁਲੀਸ ਨੂੰ ਜਲਦ ਤੋਂ ਜਲਦ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਿਹਾ ਸੀ।