ਸੂਰਜਕੁੰਡ (ਹਰਿਆਣਾ), 28 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਈ ਇੱਕ ਫਰਜ਼ੀ ਖ਼ਬਰ ਵੀ ਅੱਗੇ ਜਾ ਕੇ ਕੌਮੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਇਸ ਲਈ ਉਨ੍ਹਾਂ ‘ਤੇ ਠੱਲ੍ਹ ਪਾਉਣ ਲਈ ਦੇਸ਼ ਨੂੰ ਅਤਿ-ਆਧੁਨਿਕ ਤਕਨੀਕ ‘ਤੇ ਜ਼ੋਰ ਦੇਣਾ ਪਵੇਗਾ। ਪ੍ਰਧਾਨ ਮੰਤਰੀ ਨੇ ਇੱਥੇ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਦੋ ਰੋਜ਼ਾ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰਦਿਆਂ ਅਜਿਹੀ ਕੋਈ ਵੀ ਜਾਣਕਾਰੀ ਹੋਰਨਾਂ ਨੂੰ ਭੇਜਣ ਤੋਂ ਪਹਿਲਾਂ ਇਸ ਦੀ ਪੜਤਾਲ ਕਰਨ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, ‘ਕੋਈ ਵੀ ਜਾਣਕਾਰੀ ਅੱਗੇ ਭੇਜਣ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਹੈ ਅਤੇ ਇਸ ‘ਤੇ ਭਰੋਸਾ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰਨੀ ਬਹੁਤ ਜ਼ਰੂਰੀ ਹੈ। ਹਰ ਮੰਚ ‘ਤੇ ਅਜਿਹੀਆਂ ਸੂਚਨਾਵਾਂ ਦੀ ਪੁਸ਼ਟੀ ਕਰਨ ਦੇ ਢੰਗ ਹਨ। ਜੇਕਰ ਤੁਸੀਂ ਵੱਖ ਵੱਖ ਸਰੋਤਾਂ ਰਾਹੀਂ ਇਨ੍ਹਾਂ ਦੀ ਜਾਂਚ ਕਰੋਗੇ ਤਾਂ ਇਸ ਦਾ ਨਵਾਂ ਰੂਪ ਮਿਲੇਗਾ।’ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਸਿਰਫ਼ ਜਾਣਕਾਰੀ ਦੇ ਸਰੋਤ ਵਜੋਂ ਹੀ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਫਰਜ਼ੀ ਖ਼ਬਰ ਵੀ ਅੱਗੇ ਜਾ ਕੇ ਕੌਮੀ ਚਿੰਤਾ ਦਾ ਵਿਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ‘ਚ ਰਾਖਵੇਂਕਰਨ ਬਾਰੇ ਪਿੱਛੇ ਜਿਹੇ ਚੱਲੀਆਂ ਫਰਜ਼ੀ ਖ਼ਬਰਾਂ ਕਾਰਨ ਭਾਰਤ ਨੂੰ ਨੁਕਸਾਨ ਵੀ ਹੋਇਆ ਹੈ। -ਪੀਟੀਆਈ