ਸੰਯੁਕਤ ਰਾਸ਼ਟਰ, 31 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ। ਗੁਟੇਰੇਜ਼ ਨੇ ਕਿਹਾ ਕਿ ਇਸ ਸਾਲ 70 ਤੋਂ ਵੱਧ ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਤੇ ਰਿਕਾਰਡ ਗਿਣਤੀ ਵਿੱਚ ਮੀਡੀਆ ਕਰਮੀਆਂ ਨੂੰ ਜੇਲ੍ਹਾਂ ਵਿੱਚ ਕੈਦ ਕੀਤਾ ਗਿਆ ਜਦੋਂਕਿ ਜੇਲ੍ਹੀਂ ਡੱਕਣ, ਹਿੰਸਾ ਤੇ ਮੌਤ ਦੀਆਂ ਧਮਕੀਆਂ ਮਿਲਣ ਦਾ ਅਮਲ ਲਗਾਤਾਰ ਜਾਰੀ ਹੈ। ਉਨ੍ਹਾਂ ਸਰਕਾਰਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਜ਼ਰੂਰੀ ਪੇਸ਼ਕਦਮੀ ਯਕੀਨੀ ਬਣਾਉਣ। ਗੁਟੇਰੇਜ਼ ਨੇ ਕਿਹਾ, ”ਜਮਹੂਰੀਅਤ ਨੂੰ ਚਲਾਉਣ, ਗ਼ਲਤੀਆਂ ਤੋਂ ਪਰਦਾ ਚੁੱਕਣ, ਗੁੰਝਲਦਾਰ ਵਿਸ਼ਵ ਨੂੰ ਜਾਣਨ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣਾ ਲਈ ਪ੍ਰੈੱਸ ਬਹੁਤ ਅਹਿਮ ਹੈ। ਪਰ ਇਸ ਦੇ ਬਾਵਜੂਦ ਇਸ ਸਾਲ 70 ਤੋਂ ਵੱਧ ਪੱਤਰਕਾਰਾਂ ਨੂੰ ਸਮਾਜ ਵਿੱਚ ਆਪਣੀ ਇਸ ਭੂਮਿਕਾ ਨੂੰ ਨਿਭਾਉਂਦੇ ਹੋਏ ਮਾਰ ਦਿੱਤਾ ਗਿਆ। ਇਨ੍ਹਾਂ ਵਿਚੋਂ ਬਹੁਤੇ ਅਪਰਾਧ ਅਜੇ ਵੀ ਅਣਸੁਲਝੇ ਹਨ। ਜਦੋਂਕਿ ਰਿਕਾਰਡ ਗਿਣਤੀ ਪੱਤਰਕਾਰਾਂ ਨੂੰ ਅੱਜ ਵੀ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਹੈ।” -ਪੀਟੀਆਈ