ਸਾਓ ਪੋਲੋ, 31 ਅਕਤੂਬਰ
ਖੱਬੇ ਪੱਖੀ ‘ਵਰਕਰਜ਼ ਪਾਰਟੀ’ ਦੇ ਲੁਇਜ਼ ਇਨਾਸਿਓ ਲੂਲਾ ਡਾ ਸਿਲਵਾ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਮੌਜੂਦਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਹਰਾਇਆ। ਚੋਣ ਅਥਾਰਿਟੀ ਨੇ ਕਿਹਾ ਕਿ ਆਮ ਚੋਣਾਂ ਵਿੱਚ ਪਈਆਂ ਕੁੱਲ ਵੋਟਾਂ ਵਿਚੋਂ 99 ਫੀਸਦ ਦੀ ਗਿਣਤੀ ਮੁਤਾਬਕ ਲੂਲਾ ਡਾ ਸਿਲਵਾ ਨੂੰ 50.9 ਫੀਸਦ ਤੇ ਬੋਲਸਨਾਰੋ ਨੂੰ 49.1 ਫੀਸਦ ਵੋਟਾਂ ਪਈਆਂ ਹਨ। ਲੂਲਾ ਡਾ ਸਿਲਵਾ ਲਈ ਇਹ ਹੈਰਾਨ ਕਰਨ ਵਾਲਾ ਉਲਟਫੇਰ ਹੈ। ਸਿਲਵਾ 2003 ਤੋਂ 2010 ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਸਿਲਵਾ ਨੂੰ 2018 ਵਿੱਚ ਭ੍ਰਿਸ਼ਟਾਚਾਰ ਦੇ ਕੇਸ ਵਿਚ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਉਸ ਸਾਲ ਚੋਣਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਅਮਰੀਕੀ ਸਦਰ ਜੋਅ ਬਾਇਡਨ, ਯੂਰੋਪੀ ਸੰਘ ਤੇ ਵਿਸ਼ਵ ਭਰ ਦੇ ਹੋਰਨਾਂ ਆਗੂਆਂ ਨੇ ਸਿਲਵਾ ਨੂੰ ਵਧਾਈਆਂ ਦਿੱਤੀਆਂ ਹਨ। -ਏਪੀ