ਚੇਨੱਈ, 31 ਅਕਤੂਬਰ
ਤਾਮਿਲ ਨਾਡੂ ਦੇ ਡੀਜੀਪੀ ਨੇ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਰਕੁਲਰ ਜਾਰੀ ਕੀਤਾ ਹੈ ਕਿ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਨਿੱਜੀ ਤੌਰ ‘ਤੇ ਧਿਆਨ ਵਿੱਚ ਰੱਖਦਿਆਂ ਆਰਐੱਸਐੱਸ ਨੂੰ ਛੇ ਨਵੰਬਰ ਨੂੰ ਸੂਬੇ ਵਿੱਚ 51 ਥਾਵਾਂ ‘ਤੇ ‘ਰੂਟ ਮਾਰਚ’ ਕੱਢਣ ਅਤੇ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸਰਕੁਲਰ 29 ਅਕਤੂਬਰ ਨੂੰ ਜਾਰੀ ਕੀਤਾ ਗਿਆ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਪ੍ਰੋਗਰਾਮਾਂ ਦੀ ਇਜਾਜ਼ਤ ਨਾ ਦੇਣ ‘ਤੇ ਆਰਐੱਸਐੱਸ ਨੇ ਸੂਬਾ ਪੁਲੀਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਸਰਕਾਰੀ ਵਕੀਲ ਹਸਨ ਮੁਹੰਮਦ ਜਿਨਾਹ ਨੇ ਇਸ ਮਾਮਲੇ ਦੀ ਅੱਜ ਮਦਰਾਸ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਜਸਟਿਸ ਜੀ ਕੇ ਇਲਾਂਤਰੀਆਨ ਸਾਹਮਣੇ ਇਹ ਸਰਕੁਲਰ ਪੇਸ਼ ਕੀਤਾ।
ਸਰਕੂਲਰ ਰਾਹੀਂ ਸੂਬੇ ਦੇ ਪੁਲੀਸ ਕਮਿਸ਼ਨਰਾਂ ਅਤੇ ਐੱਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਈ ਕੋਰਟ ਵੱਲੋਂ 22 ਸਤੰਬਰ ਦੇ ਆਪਣੇ ਪਹਿਲੇ ਹੁਕਮਾਂ ਵਿੱਚ ਲਾਈਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਂਦਿਆਂ ਛੇ ਨਵੰਬਰ ਨੂੰ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। -ਪੀਟੀਆਈ