ਲਾਹੌਰ, 4 ਨਵੰਬਰ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਮਲੇ ਤੋਂ ਬਾਅਦ ਮਸ਼ਕੂਕ ਹਮਲਾਵਰ ਦੇ ਇਕਬਾਲੀਆ ਬਿਆਨ ਨੂੰ ਜਨਤਕ ਕਰਨ ‘ਤੇ ਥਾਣੇਦਾਰ ਤੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਹਮਲੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਮਰਾਨ ਦੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਹੱਤਿਆ ਦੀ ਕੋਸ਼ਿਸ਼ ਸੀ। ਇਕਬਾਲੀਆ ਬਿਆਨ ਦੇ ਲੀਕ ਹੋਣ ਤੋਂ ਬਾਅਦ ਥਾਣਾ ਇੰਚਾਰਜ (ਐੱਸਐੱਚਓ) ਅਤੇ ਸਬੰਧਤ ਥਾਣੇ ਦੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸੂਬੇ ਦੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਦੇ ਤੱਥਾਂ ਦੀ ਜਾਂਚ ਕਰਨ ਲਈ ਉੱਚ ਪੱਧਰੀ ਸਾਂਝੀ ਜਾਂਚ ਟੀਮ (ਜੇਆਈਟੀ) ਕਾਇਮ ਕਰਨ ਲਈ ਕਿਹਾ ਹੈ।