12.4 C
Alba Iulia
Monday, April 29, 2024

ਕਬਰਾਂ ਜੋਗੀ ਥਾਂ

Must Read


ਸਾਂਵਲ ਧਾਮੀ

ਜੰਡਿਆਲਾ ਗੁਰੂ ਤੋਂ ਤਰਨ ਤਾਰਨ ਵੱਲ ਨੂੰ ਜਾਈਏ ਤਾਂ ਰਾਹ ‘ਚ ਇੱਕ ਵੱਡਾ ਪਿੰਡ ਬੰਡਾਲਾ ਆਉਂਦੈ। ਇਸ ਪਿੰਡ ਦੀਆਂ ਬਾਰ੍ਹਾਂ ਪੱਤੀਆਂ ਹਨ। ਇਸ ਪਿੰਡ ਨੂੰ ਹੁੰਦਲ ਜੱਟਾਂ ਦੀ ਰਾਜਧਾਨੀ ਕਿਹਾ ਜਾ ਸਕਦਾ ਹੈ। ਇੱਥੋਂ ਉੱਠ ਕੇ ਹੁੰਦਲ ਲਾਹੌਰ, ਸਿਆਲਕੋਟ ਤੇ ਹੁਸ਼ਿਆਰਪੁਰ ਦੇ ਪਿੰਡਾਂ ‘ਚ ਜਾ ਵਸੇ। ਬੀਕਾਨੇਰ ਰਿਆਸਤ ਦੇ ਗੰਗਾਨਗਰ ਅਤੇ ਲਾਇਲਪੁਰ ਸ਼ਹਿਰ ਦੇ ਚੱਕਾਂ ਤੱਕ ਪਹੁੰਚ ਗਏ।

ਕੁਝ ਵਕਤ ਪਹਿਲਾਂ ਮੈਂ ਇੱਥੇ ਵੱਸਦੇ ਬਜ਼ੁਰਗ ਇਕਬਾਲ ਦੀਨ ਨੂੰ ਮਿਲਣ ਗਿਆ ਸਾਂ। ਮੈਂ ਉਨ੍ਹਾਂ ਨੂੰ ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸੁਣਾਉਣ ਵਾਸਤੇ ਆਖਿਆ ਤਾਂ ਉਹ ਬੋਲੇ ਸਨ, “ਅਸੀਂ ਮੀਰ ਆਲਮ ਹੁੰਦੇ ਆਂ। ਇੱਥੋਂ ਦੀ ਧੀ ਨੌਸ਼ਹਿਰੇ ਵਿਆਹੀ ਹੋਈ ਸੀ। ਉਹਦੇ ਪਤੀ ਨੇ ਮੈਨੂੰ ਰਸੂਲਪੁਰ ਵਾਲੀ ਨਹਿਰ ਉੱਤੇ ਬੇਲਦਾਰ ਰਖਵਾ ਦਿੱਤਾ ਸੀ। ਮੈਂ ਸਾਰੀ ਉਮਰ ਨਹਿਰ ਦੇ ਮਹਿਕਮੇ ‘ਚ ਨੌਕਰੀ ਕੀਤੀ। ਮੈਨੂੰ ਥੋੜ੍ਹੀ ਜਿਹੀ ਪੈਨਸ਼ਨ ਵੀ ਮਿਲਦੀ ਐ।

ਰੋਜ਼ੀ ਰੋਟੀ ਦੇ ਚੱਕਰ ‘ਚ ਮੇਰਾ ਬਾਬਾ ਵੀ ਬਾਰ ‘ਚ ਚਲਾ ਗਿਆ ਸੀ। ਉਹ ਰੌਲਿਆਂ ਤੋਂ ਕੋਈ ਵੀਹ ਵਰ੍ਹੇ ਪਹਿਲਾਂ ਬੰਡਾਲੇ ਮੁੜ ਆਇਆ ਸੀ। ਇੱਧਰ ਆ ਕੇ ਉਹਨੇ ਕੋਠਾ ਪਾਇਆ ਤੇ ਮੇਰੇ ਬਾਪ ਨੂੰ ਵਿਆਹਿਆ। ਸਾਡੇ ਬਜ਼ੁਰਗ ਹੁੰਦਲਾਂ ਦਾ ਕਲਿਆਣ ਕਰਦੇ ਹੁੰਦੇ ਸੀ। ਇੱਧਰ ਆ ਕੇ ਉਹ ਫਿਰ ਤੋਂ ਬਿਰਦ ਕਰਨ ਡਹਿ ਪਿਆ ਸੀ। ਮੇਰਾ ਪਿਉ ਵੀ ਸਾਰੀ ਉਮਰ ਕਈ ਤਰ੍ਹਾਂ ਦੀਆਂ ਬੁੱਚੀਆਂ ਨੱਤੀਆਂ ਕਰਦਾ ਰਿਹਾ। ਕੋਈ ਮਰਗ ਹੋ ਜਾਣੀ ਤਾਂ ਕਿਸੇ ਜੱਟ ਨੇ ਤੜਕੇ ਬੂਹਾ ਆ ਖੜਕਾਉਣਾ ਕਿ ਫਲਾਣੇ ਪਿੰਡ ਸੁਣਾਉਣੀ ਦੇ ਕੇ ਆ। ਉਹ ਸਾਕ ਵੀ ਕਰਵਾਉਂਦਾ ਹੁੰਦਾ ਸੀ। ਪਹਿਲਾਂ ਦਾਦੀ ਤੇ ਫਿਰ ਮੇਰੀ ਮਾਂ ਪਿੰਡ ਦੀਆਂ ਬੀਬੀਆਂ ਨੂੰ ਪਿੱਟਣਾ ਸਿਖਾਉਂਦੀਆਂ ਸਨ। ਮੇਰੀ ਮਾਂ ਦਾ ਨਾਂ ਮਹਿਤਾਬ ਬੀਬੀ ਸੀ। ਬਾਬਾ ਮੈਨੂੰ ਬਾਰ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ। ਓਥੇ ਉਹਨੂੰ ਪਿੰਡ ਦੇ ਹੁੰਦਲਾਂ ਨੇ ਥੋੜ੍ਹੀ ਜ਼ਮੀਨ ਵੀ ਦਿੱਤੀ ਹੋਈ ਸੀ। ਇੱਕ ਵਾਰ ਜਾਂਗਲੀ ਉਹਦੀਆਂ ਗਾਈਆਂ ਖੋਲ੍ਹ ਕੇ ਲੈ ਗਏ ਸਨ। ਖੁਰਾ ਲੱਭਦੇ-ਲੱਭਦੇ ਉਹ ਉਸ ਪਿੰਡ, ਉਸ ਘਰ ਤੱਕ ਪਹੁੰਚ ਗਏ ਸਨ। ਉਨ੍ਹਾਂ ਗਾਈਆਂ ਲੱਭ ਲਈਆਂ ਸਨ।

“ਸੰਤਾਲੀ ‘ਚ ਕੀ ਹੋਇਆ?” ਮੈਂ ਸਵਾਲ ਕੀਤਾ।

“ਜਿਨ੍ਹਾਂ ਨੂੰ ਵੰਡ ਦੀ ਸਮਝ ਆ ਗਈ, ਉਹ ਤਾਂ ਰੌਲਿਆਂ ਦੇ ਸ਼ੁਰੂ ‘ਚ ਹੀ ਨਿਕਲ ਗਏ। ਸਾਡੇ ਪਿੰਡ ‘ਤੇ ਹਮਲਾ ਚੜ੍ਹਦੇ ਪਾਸਿਓਂ ਹੋਇਆ। ਬਹੁਤੇ ਮੁਸਲਮਾਨ ਉਸ ਦਿਨ ਭੱਜ ਕੇ ਜੰਡਿਆਲੇ ਜਾ ਵੜੇ। ਛੱਤ ‘ਤੇ ਚੜ੍ਹਿਆਂ ਨੂੰ ਅੱਗਾਂ ਲੱਗੀਆਂ ਦਿਸਦੀਆਂ ਸਨ। ਉਸ ਰਾਤ ਕੋਈ ਭੱਜ ਗਿਆ ਤੇ ਕੋਈ ਰਹਿ ਗਿਆ। ਮੇਰਾ ਪਿਉ ਇੱਕੋ ਗੱਲ ਕਰੀ ਗਿਆ- ਅਸੀਂ ਆਪਣਾ ਬੰਡਾਲਾ ਨਈਂ ਛੱਡਣਾ। ਅਸੀਂ ਘਰ ‘ਚ ਟਿਕੇ ਰਹੇ। ਸਾਡੀ ਬਰਾਦਰੀ ਦਾ ਇੱਕ ਬੁੜਾ ਅੰਨ੍ਹਾਂ ਸੀ। ਨਾਂ ਸੀ ਉਹਦਾ ਅਤਰਾ। ਉਹ ਤੇ ਉਹਦੀ ਘਰਵਾਲੀ ਵੀ ਪਿੰਡ ਰਹਿ ਗਏ ਸਨ। ਅਗਲੇ ਦਿਨ ਸਿਪਾਹੀਆਂ ਨੇ ਉਨ੍ਹਾਂ ਦੋਵਾਂ ਜੀਆਂ ਨੂੰ ਪਿੰਡੋਂ ਬਾਹਰ ਲਿਜਾ ਕੇ ਗੋਲੀਆਂ ਮਾਰ ਦਿੱਤੀਆਂ। ਅਸੀਂ ਡਰ ਗਏ। ਘਰੋਂ ਨਿਕਲ ਕੇ ਅਸੀਂ ਖੇਤਾਂ ਵੱਲ ਨੂੰ ਤੁਰ ਗਏ। ਦਿਨ ਢਲ਼ੇ ਸਾਡੀ ਪੱਤੀ ਦੇ ਸਰਦਾਰ ਸਾਨੂੰ ਪਿੰਡ ਮੋੜ ਲਿਆਏ।

ਉਨ੍ਹਾਂ ਸਾਨੂੰ ਬੀਬੀ ਬੰਤੋ ਦੇ ਘਰ ਲੁਕੋਇਆ ਸੀ। ਉਹ ਬੜੀ ਹਿਰਦੇ ਵਾਲੀ ਔਰਤ ਸੀ। ਉਹਦੀਆਂ ਦੋ ਧੀਆਂ ਸਨ। ਉਹਨੇ ਸਾਨੂੰ ਅੰਦਰ ਵਾੜ ਲਿਆ, ਹੌਸਲਾ ਦਿੱਤਾ ਤੇ ਰੋਟੀ ਪਾਣੀ ਖੁਆਇਆ। ਉਦੋਂ ਬੁਰਕੀ ਅੰਦਰ ਕਦੋਂ ਲੰਘਦੀ ਸੀ।…” ਉਹ ਉਦਾਸ ਜਿਹਾ ਹੱਸਿਆ।

“…ਬਾਬਾ ਸਾਡਾ ਰੌਲਿਆਂ ਤੋਂ ਮਹੀਨਾ ਕੁ ਪਹਿਲਾਂ ਗੁਜ਼ਰ ਗਿਆ ਸੀ। ਮਾਂ ਪਿਓ, ਦੋ ਭਰਾ ਤੇ ਦੋ ਭੈਣਾਂ; ਅਸੀਂ ਛੇ ਜੀਅ ਓਥੇ ਲੁਕੇ ਹੋਏ ਸਾਂ। ਅਸੀਂ ਉਹਦੇ ਘਰ ਇੱਕੋ ਰਾਤ ਲੁਕੇ। ਅਗਲੇ ਦਿਨ ਬਚਾਉਣ ਵਾਲੇ ਸਾਨੂੰ ਕਦੀ ਏਸ ਘਰ ਤੇ ਕਦੇ ਓਸ ਘਰ ਲੁਕਾਉਂਦੇ ਰਹੇ। ਕੋਈ ਮਹੀਨਾ ਭਰ ਅਸੀਂ ਇੰਜ ਹੀ ਲੁਕਦੇ ਰਹੇ। ਠੰਢ ਠਰੋਲ਼ਾ ਹੋਣ ‘ਤੇ ਅਸੀਂ ਆਪਣੇ ਘਰ ਆ ਗਏ।

ਸਾਡੇ ਸਾਰਿਆਂ ਦੇ ਮਨ ਉਦਾਸ ਸਨ। ਸਾਡੀ ਵੱਡੀ ਭੈਣ, ਮਾਮੇ, ਮਾਸੀਆਂ ਤੇ ਹੋਰ ਰਿਸ਼ਤੇਦਾਰ ਓਧਰ ਚਲੇ ਗਏ ਸਨ। ਓਧਰ ਜਾ ਕੇ ਮਾਮਿਆਂ ਨੇ ਪਹਿਲਾਂ ਕਿਸੇ ਜੱਟ ਨੂੰ ਚਿੱਠੀ ਪਾ ਕੇ ਪੁੱਛਿਆ ਕਿ ਸਾਡਾ ਪਰਿਵਾਰ ਜਿਉਂਦਾ ਕਿ ਮਾਰਿਆ ਗਿਆ? ਜਦੋਂ ਸਾਡੇ ਸਹੀ ਸਲਾਮਤ ਹੋਣ ਦਾ ਜਵਾਬ ਮਿਲਿਆ ਤਾਂ ਸਾਡੇ ਮਾਮੇ ਦਾ ਪੁੱਤ ਫ਼ੈਜ਼ ਦਸ ਦਿਨਾਂ ਦਾ ਪਰਮਿਟ ਬਣਾ ਕੇ ਇੱਥੇ ਆਇਆ। ਉਦੋਂ ਉਹ ਲਾਹੌਰ ‘ਚ ਘੁਮਿਆਰਪੁਰੇ ਰਹਿੰਦਾ ਸੀ। ਉਹਨੇ ਸਾਨੂੰ ਓਧਰ ਲਿਜਾਣ ਲਈ ਬੜਾ ਜ਼ੋਰ ਲਾਇਆ। ਪੰਜਵੜ ਤੋਂ ਸਾਡਾ ਮਾਸੜ ਵੀ ਓਧਰ ਚਲਾ ਗਿਆ ਸੀ। ਉਹਨੇ ਵੀ ਓਧਰੋਂ ਬੜੇ ਖ਼ਤ ਪਾਏ। ਉਹਨੇ ਤਾਂ ਸੁਣਿਆ ਫੌਜੀਆਂ ਦੀਆਂ ਵੀ ਬਹੁਤ ਮਿੰਨਤਾਂ ਕੀਤੀਆਂ ਸਨ ਕਿ ਟਰੱਕ ਲੈ ਜਾਓ ਤੇ ਸਾਡੇ ਟੱਬਰ ਨੂੰ ਲੈ ਕੇ ਆਓ।

ਓਧਰੋਂ ਸਾਡੇ ਰਿਸ਼ਤੇਦਾਰ ਚਿੱਠੀਆਂ ਲਿਖ ਕੇ ਸਾਨੂੰ ਬੜਾ ਡਰਾਉਂਦੇ ਹੁੰਦੇ ਸੀ। ਕੋਈ ਲਿਖਦਾ ਕਿ ਤੁਹਾਨੂੰ ਕਿਸੇ ਨੇ ਮਾਰ ਦੇਣਾ। ਕੋਈ ਲਿਖਦਾ-ਤੁਹਾਨੂੰ ਮੁਸਲਮਾਨ ਨਹੀਂ ਰਹਿਣ ਦੇਣਾ। ਕੋਈ ਕਹਿੰਦਾ-ਤੁਹਾਨੂੰ ਨਮਾਜ਼ ਨਹੀਂ ਪੜ੍ਹਨ ਦੇਣੀ। ਕੋਈ ਲਿਖਦਾ-ਜਦੋਂ ਮਰ ਗਏ ਤਾਂ ਉਨ੍ਹਾਂ ਤੁਹਾਨੂੰ ਫੂਕ ਦੇਣਾ। ਫਿਰ ਕਿਆਮਤ ਵਾਲੇ ਦਿਨ ਤੁਹਾਡਾ ਕੀ ਬਣੇਗਾ? ਅਸੀਂ ਜਵਾਬ ‘ਚ ਇਹੋ ਲਿਖਦੇ ਰਹੇ ਕਿ ਅਸੀਂ ਬੰਡਾਲਾ ਨਹੀਂ ਛੱਡਣਾ। ਸੱਚੀ ਗੱਲ ਤਾਂ ਇਹ ਹੈ ਕਿ ਇੱਥੇ ਅਸੀਂ ਬੜੇ ਸੌਖੇ ਦਿਨ ਕੱਟੇ ਨੇ। ਵਿਆਹੇ ਵੀ ਗਏ ਆਂ।

ਲਹਿੰਦੇ ਵੰਨਿਓਂ ਆਉਂਦੀਆਂ ਚਿੱਠੀਆਂ ਦਾ ਸਿਲਸਿਲਾ ਆਖ਼ਰ ਬੰਦ ਹੋ ਗਿਆ। ਦੋਹਾਂ ਦੇਸ਼ਾਂ ਦੀ ਲੜਾਈ ਲੱਗ ਗਈ। ਜਦੋਂ ਕੋਈ ਚਿੱਠੀ ਆਉਣੀ ਤਾਂ ਉਹਦੀ ਬੜੀ ਪੁੱਛ ਗਿੱਛ ਹੋਣੀ। ਸਿਪਾਹੀਆਂ ਪੁੱਛਣਾ ਕਿ ਚਿੱਠੀ ਵਾਲੇ ਤੁਹਾਡੇ ਕੀ ਲੱਗਦੇ ਨੇ ਤੇ ਕਿੱਥੇ ਰਹਿੰਦੇ ਨੇ? ਅਸੀਂ ਡਰ ਗਏ। ਸੰਤਾਲੀ ਤੋਂ ਬਾਅਦ ਬਸ ਇੱਕ ਮਾਮੇ ਦੇ ਪੁੱਤਰ ਫ਼ੈਜ਼ ਦੇ ਹੀ ਦਰਸ਼ਨ ਹੋਏ। ਮੁੜ ਸਾਰੇ ਗਵਾਚ ਗਏ। ਮਾਂ ਤੇ ਪਿਉ, ਦੋਹਾਂ ਦੇ ਭੈਣ ਭਾਈ ਓਧਰ ਚਲੇ ਗਏ ਸਨ। ਉਨ੍ਹਾਂ ਦੇ ਦਿਲ ‘ਚ ਬਥੇਰਾ ਦਰਦ ਹੋਣਾ, ਪਰ ਉਨ੍ਹਾਂ ਕਦੇ ਜ਼ਾਹਰ ਨਹੀਂ ਸੀ ਕੀਤਾ। ਉਹ ਸਾਨੂੰ ਦੇਖ ਕੇ ਖੁਸ਼ ਰਹਿੰਦੇ। ਬਾਕੀ ਪਿੰਡ ਦੇ ਬਾਸ਼ਿੰਦਿਆਂ ਨੇ ਉਨ੍ਹਾਂ ਨੂੰ ਕਦੇ ਡੋਲਣ ਵੀ ਨਹੀਂ ਸੀ ਦਿੱਤਾ। ਇੱਥੇ ਸਾਨੂੰ ਹੁਣ ਕੋਈ ਔਖਿਆਈ ਨਹੀਂ। ਦੀਨ ਵੱਲੋਂ ਵੀ ਕੋਈ ਮਸਲਾ ਨਹੀਂ। ਧੀਆਂ ਪੁੱਤਰ ਵਿਆਹੇ ਗਏ ਨੇ। ਦਸ ਸਾਲ ਮੇਰਾ ਭਤੀਜਾ ਇਸ ਪੱਤੀ ਦਾ ਸਰਪੰਚ ਰਿਹਾ ਤੇ ਪੰਜ ਸਾਲ ਮੇਰੀ ਘਰਵਾਲੀ। ਪਿੰਡ ਦੇ ਲੋਕ ਸਾਨੂੰ ਜੀ ਕਰ ਕੇ ਬੁਲਾਉਂਦੇ ਨੇ। ਨਗਰ ਤਾਂ ਬਹੁਤ ਚੰਗਾ, ਪਰ ਇੱਕ ਫਿਕਰ ਜ਼ਰੂਰ ਏ!” ਇਹ ਆਖਦਿਆਂ ਉਹ ਚੁੱਪ ਹੋ ਗਏ।

“ਉਹ ਕਿਸ ਗੱਲ ਦਾ ਜੀ?” ਮੈਂ ਥੋੜ੍ਹਾ ਹੈਰਾਨ ਹੁੰਦਿਆਂ ਪੁੱਛਿਆ। “ਸੰਤਾਲੀ ‘ਚ…ਸਾਡੇ ਪਿੰਡ ‘ਚ ਮੁਸਲਮਾਨਾਂ ਦੀਆਂ ਬਹੁਤ ਵੱਡੀਆਂ ਕਬਰਾਂ ਸਨ। ਫਿਰ ਸਾਨੂੰ ਕਬਰਾਂ ਲਈ ਮਾਣੇ ਸ਼ਾਹ ਦੇ ਤਕੀਏ ਕੋਲ ਦਸ-ਬਾਰ੍ਹਾਂ ਮਰਲੇ ਮਿਲ ਗਏ। ਅਸੀਂ ਮਾਪਿਆਂ ਨੂੰ ਓਥੇ ਦਫ਼ਨਾਇਆ। ਥੋੜ੍ਹੇ ਸਾਲਾ ਬਾਅਦ ਛੋਟਾ ਭਰਾ ਗੁਜ਼ਰ ਗਿਆ। ਉਹਨੂੰ ਵੀ ਓਥੇ ਹੀ ਦਫ਼ਨਾਇਆ। ਪਝੱਤਰ ਵਰ੍ਹਿਆਂ ‘ਚ ਓਥੇ ਨਿੱਕੇ-ਵੱਡੇ ਕਈ ਦਫ਼ਨ ਹੋ ਗਏ ਨੇ। ਇਹ ਕੁਦਰਤ ਦਾ ਨਿਯਮ ਏ। ਜਿਹੜਾ ਜੰਮਿਆ ਉਹਨੇ ਜਾਣਾ ਹੀ ਜਾਣਾ। ਸੁੱਖ ਨਾਲ ਸਾਡੇ ਟੱਬਰ ਵਧ ਰਹੇ ਨੇ। ਆਉਣ ਵਾਲੇ ਵਕਤ ‘ਚ ਇਨ੍ਹਾਂ ਹੋਰ ਵੀ ਵਧਣਾ ਏ। ਸਾਡੇ ਲਈ ਕਬਰਾਂ ਜੋਗੀ ਥਾਂ ਥੋੜ੍ਹੀ ਏ!” ਇਹ ਆਖ ਉਹ ਡੂੰਘੀ ਉਦਾਸੀ ‘ਚ ਲੱਥ ਗਿਆ।
ਸੰਪਰਕ: 97818-43444



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -