ਮਾਸਕੋ, 5 ਨਵੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇਸ ਹਫ਼ਤੇ ਦੂਜੀ ਵਾਰ ਭਾਰਤ ਦੀ ਵਿਕਾਸ ਕਥਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ‘ਬਹੁਤ ਹੀ ਹੁਨਰਮੰਦ’ ਅਤੇ ‘ਉਦੇਸ਼ਮੁਖੀ’ ਹਨ ਅਤੇ ਉਹ ਵਿਕਾਸ ਦੇ ਮਾਮਲੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਨ ਲਈ ਆਪਣੇ ਦੇਸ਼ ਦੀ ਮਦਦ ਕਰਨਗੇ। ਪੂਤਿਨ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮਾਸਕੋ ਯਾਤਰਾ ਤੋਂ ਕੁੱਝ ਦਿਨ ਪਹਿਲਾਂ ਆਈ ਹੈ। ਜੈਸ਼ੰਕਰ 7 ਅਤੇ 8 ਨਵੰਬਰ ਨੂੰ ਮਾਸਕੋ ਦੇ ਦੋ ਦਿਨਾ ਦੌਰੇ ‘ਤੇ ਹੋਣਗੇ। ਪੂਤਿਨ ਨੇ ਕੌਮੀ ਏਕਤਾ ਦਿਵਸ ਮੌਕੇ ‘ਰਸ਼ੀਅਨ ਹਿਸਟੌਰੀਕਲ ਸੁਸਾਇਟੀ’ ਦੀ ਦਸਵੀਂ ਵਰ੍ਹੇਗੰਢ ਸਬੰਧੀ ਸ਼ੁੱਕਰਵਾਰ ਨੂੰ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ, ”ਆਓ ਭਾਰਤ ਬਾਰੇ ਗੱਲ ਕਰਦੇ ਹਾਂ। ਉਸ ਦੇ ਲੋਕ ਬਹੁਤ ਹੀ ਹੁਨਰਮੰਦ ਅਤੇ ਉਦੇਸ਼ਮੁਖੀ ਹਨ, ਜਿਨ੍ਹਾਂ ਵਿੱਚ ਅੰਦਰੂਨੀ ਵਿਕਾਸ ਲਈ ਅਜਿਹੀ ਲਾਲਸਾ ਹੈ ਕਿ ਉਹ ਬਿਨਾਂ ਸ਼ੱਕ ਸ਼ਾਨਦਾਰ ਨਤੀਜੇ ਹਾਸਲ ਕਰਨਗੇ।” ਕ੍ਰੈਮਲਿਨ ਵੱਲੋਂ ਜਾਰੀ ਬਿਆਨ ਮੁਤਾਬਕ ਪੂਤਿਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ 1.50 ਅਰਬ ਲੋਕ ਵਿਕਾਸ ਦੇ ਮਾਮਲੇ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨਗੇ। -ਪੀਟੀਆਈ