ਨਵੀਂ ਦਿੱਲੀ, 5 ਨਵੰਬਰ
ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਦੀ ਅੱਜ ਜਾਪਾਨ ਦੀ ਪੰਜ ਦਿਨਾ ਯਾਤਰਾ ਸ਼ੁਰੂ ਹੋ ਗਈ ਹੈ। ਇਸ ਦੌਰਾਨ ਉਹ ਕੌਮਾਂਤਰੀ ਜੰਗੀ ਬੇੜਿਆਂ ਦਾ ਮੁਲਾਂਕਣ ਕਰਨਗੇ ਅਤੇ ਮਾਲਾਬਾਰ ਅਭਿਆਸ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੇ ਇਸ ਦੌਰੇ ਨਾਲ ਦੁਵੱਲੇ ਸਮੁੰਦਰੀ ਸਬੰਧਾਂ ਨੂੰ ਵੀ ਮਜ਼ਬੂਤੀ ਮਿਲੇਗੀ। ਭਾਰਤੀ ਜਲ ਸੈਨਾ ਦੇ ਦੋ ਜੰਗੀ ਬੇੜੇ ਸ਼ਿਵਾਲਿਕ ਅਤੇ ਕਾਮੋਰਟਾ ਸਾਗਾਮੀ ਖਾੜ੍ਹੀ ਵਿੱਚ ਹੋਣ ਵਾਲੇ ਕੌਮਾਂਤਰੀ ਜੰਗੀ ਬੇੜਿਆਂ ਦੇ ਮੁਲਾਂਕਣ (ਆਈਐੱਫਆਰ) ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਯੋਕੋਸੁਕਾ ਪਹੁੰਚ ਚੁੱਕੇ ਹਨ। ਜਾਪਾਨ ਸਮੁੰਦਰੀ ਆਤਮ ਰੱਖਿਆ ਬਲ (ਜੇਐੱਮਐੱਸਡੀਐੱਫ) ਦੀ 70ਵੀਂ ਵਰ੍ਹੇਗੰਢ ਮੌਕੇ ਆਈਐੱਫਆਰ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਵਿੱਚ ਭਾਰਤ ਤੋਂ ਇਲਾਵਾ ਆਸਟਰੇਲੀਆ, ਬਰੂਨੇਈ, ਕੈਨੇਡਾ, ਇੰਡੋਨੇਸ਼ੀਆ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਸਿੰਗਾਪੁਰ, ਥਾਈਲੈਂਡ, ਬਰਤਾਨੀਆ ਅਤੇ ਅਮਰੀਕਾ ਦੀਆਂ ਜਲ ਸੈਨਾਵਾਂ ਹਿੱਸਾ ਲੈ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਆਈਐੱਫਆਰ ਦੀ ਸਮੀਖਿਆ ਕਰਨਗੇ। ਇਸ ਵਿੱਚ ਸੰਬਧਿਤ ਦੇਸ਼ਾਂ ਦੇ 40 ਜਹਾਜ਼ ਅਤੇ ਪਣਡੁੱਬੀਆਂ ਸ਼ਾਮਲ ਹੋਣਗੀਆਂ। -ਪੀਟੀਆਈ