ਨਵੀਂ ਦਿੱਲੀ, 5 ਨਵੰਬਰ
ਨਕਲੀ ਦਵਾਈਆਂ ਨੂੰ ਰੋਕਣ ਲਈ ਸਰਕਾਰ ਵੱਲੋਂ 300 ਦਵਾਈਆਂ ‘ਤੇ ਬਾਰ ਕੋਡ ਪ੍ਰਿੰਟ ਕਰਨਾ ਲਾਜ਼ਮੀ ਬਣਾਉਣ ਦੇ ਅਮਲ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਬਾਰ ਕੋਡ ਸਕੈਨ ਹੋਣ ‘ਤੇ ਫਾਰਮਾਸਿਊਟੀਕਲ ਕੰਪਨੀਆਂ ਦੇ ਉਤਪਾਦਨ ਲਾਇਸੈਂਸ ਅਤੇ ਬੈਚ ਨੰਬਰ ਜਿਹੀ ਜਾਣਕਾਰੀ ਮਿਲ ਸਕੇਗੀ। ਡਰੱਗਜ਼ ਐਂਡ ਕਾਸਮੈਟਿਕ ਰੂਲਜ਼, 1945 ‘ਚ ਸੋਧਾਂ ਨੂੰ ਜੇਕਰ ਪ੍ਰਵਾਨਗੀ ਮਿਲ ਗਈ ਤਾਂ ਇਹ ਅਗਲੇ ਸਾਲ ਮਈ ਤੋਂ ਲਾਗੂ ਹੋ ਜਾਵੇਗਾ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੂਚੀ ‘ਚ ਸ਼ਾਮਲ ਵੱਡੀ ਗਿਣਤੀ ਦਵਾਈਆਂ ਦੁਕਾਨਾਂ ‘ਤੇ ਬਿਨਾਂ ਪਰਚੀ ਤੋਂ ਵੀ ਖ਼ਰੀਦੀਆਂ ਜਾਂਦੀਆਂ ਹਨ ਅਤੇ ਨਕਲੀ ਦਵਾਈਆਂ ਦੀ ਸਪਲਾਈ ਰੋਕਣ ਲਈ ਇਹ ਸੋਧ ਲਿਆਂਦੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਬਾਰ ਕੋਡ ਜਾਂ ਕਿਊਆਰ ਕੋਡ ਨਾਲ ਕਿਸੇ ਖਾਸ ਦਵਾਈ ਦੇ ਅਸਲੀ ਜਾਂ ਨਕਲੀ ਹੋਣ ਬਾਰੇ ਜਾਣਕਾਰੀ ਮਿਲ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਜੂਨ ‘ਚ ਲੋਕਾਂ ਦੀ ਰਾਏ ਲੈਣ ਲਈ ਖਰੜਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ। –ਪੀਟੀਆਈ