ਪਾਲਘਰ (ਮਹਾਰਾਸ਼ਟਰ), 5 ਨਵੰਬਰ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਤੋਂ ਦੋ ਮਹੀਨਿਆਂ ਮਗਰੋਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਪੁਲੀਸ ਨੇ ਅੱਜ ਡਾ. ਅਨਾਹਿਤਾ ਪੰਡੋਲੇ ਖ਼ਿਲਾਫ਼ ਅਣਗਹਿਲੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਸਾ ਥਾਣੇ ਵਿੱਚ ਮੋਟਰ ਵਾਹਨ ਐਕਟ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ 304 (ਏ) (ਕਾਹਲੀ ਅਤੇ ਲਾਪਰਵਾਹੀ ਵਾਲੀ ਕਾਰਵਾਈ ਕਾਰਨ ਮੌਤ ਹੋਣਾ), 279 (ਸੜਕ ‘ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ), 337 (ਦੂਜਿਆਂ ਦੀ ਜਾਨ ਤੇ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ, ਜੋ ਮੌਤ ਦਾ ਕਾਰਨ ਬਣੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਮਿਸਤਰੀ (54) ਅਤੇ ਉਸ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਪਾਲਘਰ ਜ਼ਿਲ੍ਹੇ ਵਿੱਚ ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ ਸੂਰਿਆ ਦਰਿਆ ਦੇ ਪੁਲ ਉੱਤੇ ਵਾਪਰੇ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਦਸੇ ਤੋਂ ਪਹਿਲਾਂ ਮਿਸਤਰੀ ਆਪਣੀ ਮਰਸੀਡੀਜ਼ ਕਾਰ ਦੀ ਪਿਛਲੀ ਸੀਟ ‘ਤੇ ਬੈਠਾ ਸੀ। -ਪੀਟੀਆਈ