ਨਵੀਂ ਦਿੱਲੀ, 9 ਨਵੰਬਰ
ਭਾਰਤ ਵੱਲੋਂ ਅਗਲੇ ਵਰ੍ਹੇ ਮਾਰਚ ਮਹੀਨੇ ਵਿੱਚ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ਵਿੱਚ ਮਸਨੂਈ ਚੌਕਸੀ ‘ਤੇ ਆਧਾਰਿਤ ਨਵੇਂ ਰਿਵਿਊ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਵਿਸ਼ਵ ਬਾਕਸਿੰਗ ਦੀ ਗਲੋਬਲ ਗਰਵਨਿੰਗ ਬਾਡੀ (ਆਈਬੀਏ) ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਹੈ। ਭਾਰਤ ਨੇ ਪੁਰਸ਼ਾਂ ਦੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੀ ਕਦੇ ਵੀ ਮੇਜ਼ਬਾਨੀ ਨਹੀਂ ਕੀਤੀ ਪਰ ਇਹ ਤੀਸਰੀ ਵਾਰ ਹੈ ਕਿ ਦੇਸ਼ ਵਿੱਚ ਮਹਿਲਾਵਾਂ ਦੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਇਸ ਸਬੰਧ ਵਿੱਚ ਕੌਮਾਂਤਰੀ ਬਾਕਸਿੰਗ ਐਸੋਸੀਏਸ਼ਨ ਤੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀਐੱਫਆਈ) ਵਿਚਾਲੇ ਸਮਝੌਤੇ ‘ਤੇ ਹਸਤਾਖ਼ਰ ਹੋ ਗਏ ਹਨ। ਬੀਐੱਫਆਈ ਦੇ ਪ੍ਰਧਾਨ ਅਜੈ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਮੁਕਾਬਲੇ ਦਿੱਲੀ ਵਿੱਚ ਕਰਵਾਏ ਜਾਣਗੇ ਜਿਸ ਵਿੱਚ ਲਗਭਗ ਸੌ ਦੇਸ਼ਾਂ ਦੀਆਂ 1500 ਬਾਕਸਿੰਗ ਖਿਡਾਰਨਾਂ ਤੇ ਕੋਚਾਂ ਵੱਲੋ ਭਾਗ ਲਿਆ ਜਾਵੇਗਾ। -ਪੀਟੀਆਈ