ਨਵੀਂ ਦਿੱਲੀ, 9 ਨਵੰਬਰ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੈਟੇਲਾਈਟ ਟੈਲੀਵੀਜ਼ਨ ਚੈਨਲਾਂ ਨੂੰ ਅੱਪਲਿੰਕ ਤੇ ਡਾਊਨਲਿੰਕ ਕਰਨ ਲਈ ਨਵੇਂ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਤਹਿਤ ਭਾਰਤੀ ਟੈਲੀਪੋਰਟਾਂ ਨੂੰ ਵਿਦੇਸ਼ੀ ਚੈਨਲਾਂ ਨੂੰ ਅਪਲਿੰਕ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਨ੍ਹਾਂ ਨਵੇਂ ਨਿਰਦੇਸ਼ਾਂ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਟੈਲੀਵਿਜ਼ਨ ਚੈਨਲਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਹਰ ਰੋਜ਼ ਕੌਮੀ ਅਤੇ ਜਨਤਕ ਹਿੱਤ ਲਈ 30 ਮਿੰਟ ਦਾ ਪ੍ਰਸਾਰਣ ਕੀਤਾ ਜਾਵੇ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੇ ਪ੍ਰਸਾਰਨਾਂ ਲਈ ਹੁਣ ਟੀਵੀ ਚੈਨਲਾਂ ਨੂੰ ਪ੍ਰਵਾਨਗੀ ਦੀ ਲੋੜ ਨਹੀਂ ਪਏਗੀ ਹਾਲਾਕਿ ਜਿਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਹੋਣਾ ਹੈ, ਉਨ੍ਹਾਂ ਲਈ ਅਗਾਊਂ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਨ੍ਹਾਂ ਹਦਾਇਤਾਂ ਵਿੱਚ ਸੋਧ ਗਿਆਰਾਂ ਸਾਲਾਂ ਬਾਅਦ ਕੀਤੀ ਗਈ ਹੈ। -ਪੀਟੀਆਈ